ਮੋਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੋਮਵਾਰ ਨੂੰ 8ਵੀਂ ਤੇ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਹ ਨਤੀਜੇ ਵੀਡੀਓ ਕਾਨਫਰੰਸਿੰਗ ਰਾਹੀਂ ਐਲਾਨੇ ਗਏ ਹਨ। ਬੋਰਡ ਦੇ ਚੇਅਰਮੈਨ ਡਾ. ਯੋਗ ਰਾਜ ਸ਼ਰਮਾ ਨੇ ਦੋਵਾਂ ਕਲਾਸਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ।
ਡਾ. ਸ਼ਰਮਾ ਨੇ ਦੱਸਿਆ ਕਿ ਨਤੀਜੇ ਪਿਛਲੇ ਸਾਲ ਅਪਣਾਏ ਗਏ ਤਰੀਕੇ ਯਾਨੀ ਇੰਟਰਨਲ ਅਸੈਸਮੈਂਟ ਦੇ ਆਧਾਰ ’ਤੇ ਐਲਾਨੇ ਗਏ ਹਨ। 8ਵੀਂ ਕਲਾਸ ‘ਚ 99.88 ਫ਼ੀਸਦ ਵਿਦਿਆਰਥੀ ਪਾਸ ਹੋਏ ਹਨ, ਜਦਕਿ 12ਵੀਂ ਦੀ ਪਾਸ ਫ਼ੀਸਦ 99.93 ਹੈ।
ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਨੇ ਦੱਸਿਆ ਕਿ ਅੱਠਵੀਂ ਤੇ ਦਸਵੀਂ ਰੈਗੂਲਰ, ਦਸਵੀਂ ਓਪਨ ਸ਼੍ਰੇਣੀ ਇਕ ਅਤੇ ਦੋ ਵਿਸ਼ਿਆਂ ਤੱਕ ਦੀ ਰੀਪੀਅਰ ਵਾਲੇ ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਗਿਆ ਹੈ। ਇਹ ਨਤੀਜਾ 18 ਮਈ ਨੂੰ ਸਵੇਰੇ 8.00 ਵਜੇ ਤੋਂ ਬੋਰਡ ਦੀ ਵੈਬਸਾਈਟ ’ਤੇ ਉਪਲਬਧ ਹੋਵੇਗਾ। ਉਹਨਾਂ ਕਿਹਾ ਕਿ ਜਿਹੜੇ ਪ੍ਰੀਖਿਆਰਥੀ ਨਤੀਜੇ ਤੋਂ ਸੰਤੁਸ਼ਟ ਨਹੀਂ ਹਨ, ਅਜਿਹੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਮਾਹੌਲ ਸੁਖਾਵਾਂ ਹੋਣ ’ਤੇ ਲਈ ਜਾਵੇਗੀ।
ਕੋਰੋਨਾ ਦੇ ਚਲਦੇ ਰੱਦ ਹੋਈ ਸੀ ਪ੍ਰੀਖਿਆ
ਕਾਬਿਲੇਗੌਰ ਹੈ ਕਿ ਇਸ ਸਾਲ ਵੀ ਪਿਛਲੇ ਸਾਲ ਵਾਂਗ ਕੋਰੋਨਾ ਦੇ ਚਲਦੇ 8ਵੀਂ ਅਤੇ 10ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ ਅਤੇ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇੰਟਰਨਲ ਅਸੈਸਮੈਂਟ ਦੇ ਅਧਾਰ ‘ਤੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇਸਦੇ ਨਾਲ ਹੀ ਜਿਹੜੇ ਵਿਦਿਆਰਥੀ ਨਤੀਜਿਆਂ ਤੋਂ ਸੰਤੁਸ਼ਟ ਨਹੀਂ, ਉਹ ਪ੍ਰੀਖਿਆ ਲਈ ਅਰਜ਼ੀ ਦੇ ਸਕਦੇ ਹਨ ਅਤੇ ਮਾਹੌਲ ਠੀਕ ਹੋਣ ‘ਤੇ ਉਹਨਾਂ ਦੀ ਪ੍ਰੀਖਿਆ ਲਈ ਜਾਵੇਗੀ।
12ਵੀਂ ਦੀ ਪ੍ਰੀਖਿਆ ‘ਤੇ ਸਸਪੈਂਸ ਬਰਕਰਾਰ
ਓਧਰ 12ਵੀਂ ਦੀ ਪ੍ਰੀਖਿਆ ‘ਤੇ ਹਾਲੇ ਵੀ ਸਸਪੈਂਸ ਬਣਿਆ ਹੋਇਆ ਹੈ। ਦਰਅਸਲ, ਵਿਦਿਆਰਥੀਆਂ ਨੇ 12ਵੀਂ ਪਾਸ ਕਰਕੇ ਕਾਲਜ ‘ਚ ਦਾਖਲਾ ਲੈਣਾ ਹੁੰਦਾ ਹੈ ਅਤੇ ਵਧੇਰੇਤਰ ਕਾਲਜ ਨਤੀਜਿਆਂ ਦੇ ਅਧਾਰ ‘ਤੇ ਹੀ ਵਿਦਿਆਰਥੀਆਂ ਨੂੰ ਦਾਖਲਾ ਦਿੰਦੇ ਹਨ। ਲਿਹਾਜ਼ਾ, ਸਰਕਾਰਾਂ ਵੀ ਦੁਚਿੱਤੀ ‘ਚ ਹਨ ਕਿ ਪ੍ਰੀਖਿਆ ਰੱਦ ਕੀਤੀ ਜਾਵੇ ਜਾਂ ਫਿਰ ਹਾਲਾਤ ਠੀਕ ਹੋਣ ਦਾ ਇੰਤਜ਼ਾਰ ਕੀਤਾ ਜਾਵੇ, ਤਾਂ ਜੋ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਹੋ ਸਕੇ।