ਚੰਡੀਗੜ੍ਹ। ਸੂਬੇ ਵਿੱਚ ਇਕ ਜੂਨ ਤੋਂ ਟੀਕਾਕਰਨ ਦੀ ਤਰਜੀਹੀ ਸੂਚੀ ਦਾ ਵਿਸਥਾਰ ਕਰਕੇ ਇਸ ਵਿੱਚ ਦੁਕਾਨਦਾਰਾਂ ਅਤੇ ਉਨ੍ਹਾਂ ਦਾ ਸਟਾਫ, ਪ੍ਰਾਹੁਣਚਾਰੀ ਖੇਤਰ, ਉਦਯੋਗਿਕ ਕਾਮੇ, ਰੇਹੜੀ-ਫੜ੍ਹੀ ਵਾਲੇ, ਡਿਲੀਵਰੀ ਏਜੰਟ, ਬੱਸ/ਕੈਬ ਡਰਾਈਵਰ/ਕੰਡਕਟਰ ਅਤੇ ਸਥਾਨਕ ਸਰਕਾਰਾਂ ਦੇ ਮੈਂਬਰ ਸ਼ਾਮਲ ਕੀਤੇ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਐਲਾਨ ਕੀਤਾ ਗਿਆ।
ਸੀਐੱਮ ਨੇ ਕਿਹਾ ਕਿ ਹੁਣ ਤੱਕ ਇਸ ਉਮਰ ਸਮੂਹ ਵਿੱਚ ਉਸਾਰੀ ਕਿਰਤੀਆਂ, ਸਹਿ-ਰੋਗਾਂ ਵਾਲੇ ਵਿਅਕਤੀਆਂ ਅਤੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਦੀ ਟੀਕਾਕਰਨ ਲਈ ਮੌਜੂਦਾ ਤਰਜੀਹੀ ਸੂਚੀ ਵਿੱਚ 4.3 ਲੱਖ ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਵਰਚੁਅਲ ਕੋਵਿਡ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਕੈਪਟਨ ਅਮਰਿੰਦਰ ਨੇ ਇਸ ਤੱਥ `ਤੇ ਖੁਸ਼ੀ ਜ਼ਾਹਰ ਕੀਤੀ ਕਿ ਸੂਬੇ ਵਿੱਚ ਬਹੁਤ ਸਾਰੇ ਦਾਨੀਆਂ ਨੇ ਟੀਕਾਕਰਨ ਫੰਡ ਵਿੱਚ ਯੋਗਦਾਨ ਪਾਇਆ ਹੈ।
ਦੁਕਾਨਦਾਰਾਂ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਦੇ ਨਾਲ-ਨਾਲ ਉਦਯੋਗਿਕ ਕਿਰਤੀਆਂ ਤੋਂ ਇਲਾਵਾ 1 ਜੂਨ ਤੋਂ ਲਾਗੂ ਹੋਣ ਵਾਲੀ ਇਸ ਵਿਸਥਾਰਤ ਤਰਜੀਹੀ ਸੂਚੀ ਵਿੱਚ ਹੋਟਲਾਂ, ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਵਿੱਚ ਕੰਮ ਕਰਨ ਵਾਲਾ ਸਟਾਫ਼ ਅਤੇ ਕੇਟਰਰਜ਼, ਕੁੱਕ, ਬੈਰ੍ਹੇ ਆਦਿ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਰੇਹੜੀਵਾਲੇ, ਹੋਰ ਸਟਰੀਟ ਵੈਂਡਰਜ਼ ਜੋ ਵਿਸ਼ੇਸ਼ ਤੌਰ `ਤੇ ਜੂਸ, ਚਾਟ, ਫਲ ਆਦਿ ਖੁਰਾਕੀ ਵਸਤਾਂ ਵੇਚਦੇ ਹਨ, ਡਲਿਵਰੀ ਏਜੰਟ, ਐਲ.ਪੀ.ਜੀ. ਸਿਲੰਡਰ ਵੰਡਣ ਵਾਲੇ ਵਿਅਕਤੀ ਵੀ ਇਸ ਟੀਕਾਕਰਨ ਅਧੀਨ ਯੋਗ ਹੋਣਗੇ। ਇਸ ਦੇ ਨਾਲ ਹੀ ਬੱਸ ਡਰਾਈਵਰ, ਕੰਡਕਟਰ, ਆਟੋ/ਕੈਬ ਡਰਾਈਵਰ, ਮੇਅਰ, ਕੌਂਸਲਰ, ਸਰਪੰਚ ਅਤੇ ਪੰਚਾਂ ਨੂੰ ਵੀ 18-45 ਸਾਲ ਦੀ ਉਮਰ ਵਰਗ ਦੇ ਟੀਕਾਕਰਨ ਦੇ ਪੜਾਅ ਵਿੱਚ ਕਵਰ ਕੀਤਾ ਜਾਵੇਗਾ।
While we are working to secure supply of more vaccines, we’ve decided to widen the priority list for vaccination in 18-44. From 1st June it will also include shopkeepers & their staff, industrial workers, rehriwalas, delivery boys, bus/cab drivers & members elected local bodies.
— Capt.Amarinder Singh (@capt_amarinder) May 27, 2021
ਮੀਟਿੰਗ ਵਿੱਚ ਦੱਸਿਆ ਗਿਆ ਕਿ ਜਿੱਥੋਂ ਤੱਕ ਵੈਕਸੀਨ ਦੇ ਮੌਜੂਦਾ ਸਟਾਕ ਦਾ ਸਬੰਧ ਹੈ, ਸੂਬੇ ਕੋਲ 45 ਸਾਲ ਤੋਂ ਵੱਧ ਉਮਰ ਵਰਗ ਲਈ ਸਿਰਫ਼ ਕੋਵੀਸ਼ੀਲਡ ਦੀਆਂ 36000 ਅਤੇ ਕੋਵੈਕਸੀਨ ਦੀਆਂ 50000 ਖੁਰਾਕਾਂ (ਭਾਰਤ ਸਰਕਾਰ ਤੋਂ ਪ੍ਰਾਪਤ ਕੀਤੀਆਂ ਖੁਰਾਕਾਂ ਵਿੱਚੋਂ) ਬਚੀਆਂ ਹਨ ਜੋ ਕਿ ਸਿਰਫ ਇਕ ਦਿਨ ਲਈ ਹੀ ਕਾਫ਼ੀ ਹਨ। 18-45 ਸਾਲ ਦੇ ਉਮਰ ਵਰਗ ਲਈ ਸੂਬੇ ਨੂੰ ਹੁਣ ਤਕ ਆਰਡਰ ਕੀਤੀਆਂ ਗਈਆਂ 30 ਲੱਖ ਖੁਰਾਕਾਂ ਵਿੱਚੋਂ 4,29,780 ਖੁਰਾਕਾਂ ਪ੍ਰਾਪਤ ਹੋਈਆਂ ਹਨ ਜਦੋਂ ਕਿ 1,14,190 ਖੁਰਾਕਾਂ ਲਈ ਅਗਾਊਂ ਅਦਾਇਗੀ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ ਕੋਵੈਕਸਿਨ ਦੀ ਕੋਈ ਖੁਰਾਕ ਪ੍ਰਾਪਤ ਨਹੀਂ ਹੋਈ।