Home Corona ਪੰਜਾਬ 'ਚ ਕੋਵਿਡ ਬੰਦਸ਼ਾਂ 10 ਜੂਨ ਤੱਕ ਜਾਰੀ, ਪਰ ਕੁਝ ਰਾਹਤ ਵੀ...ਪੂਰੀ...

ਪੰਜਾਬ ‘ਚ ਕੋਵਿਡ ਬੰਦਸ਼ਾਂ 10 ਜੂਨ ਤੱਕ ਜਾਰੀ, ਪਰ ਕੁਝ ਰਾਹਤ ਵੀ…ਪੂਰੀ ਡਿਟੇਲ ਇਥੇ ਪੜ੍ਹੋ

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕੋਵਿਡ ਦੀਆਂ ਬੰਦਿਸ਼ਾਂ 10 ਜੂਨ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਚੰਡੀਗੜ੍ਹ ‘ਚ ਹੋਈ ਕੋਵਿਡ ਸਮੀਖਿਆ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਸੀਐੱਮ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਾਲਤ ਕੁਝ ਸੁਖਾਵੇਂ ਹੋਣ ਦੇ ਬਾਵਜੂਦ ਸੂਬਾ ਕਿਸੇ ਤਰ੍ਹਾਂ ਢਿੱਲ ਵਰਤਣ ਦੀ ਸਥਿਤੀ ਵਿਚ ਨਹੀਂ ਹੈ, ਹਾਲਾਂਕਿ ਉਹਨਾਂ ਵੱਲੋਂ ਪਾਬੰਦੀਆਂ ‘ਚ ਕੁਝ ਰਾਹਤ ਵੀ ਦਿੱਤੀ ਗਈ ਹੈ।

ਪ੍ਰਾਈਵੇਟ ਵਾਹਨਾਂ ‘ਚ ਸਵਾਰੀਆਂ ਦੀ ਸੀਮਾ ਘਟਾਈ

ਸਰਗਰਮ ਕੋਵਿਡ ਕੇਸਾਂ ਦੀ ਗਿਣਤੀ ਅਤੇ ਪਾਜ਼ੀਟਿਵਿਟੀ ਦਰ ਵਿੱਚ ਗਿਰਾਵਟ ਆਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਨਿੱਜੀ ਵਾਹਨਾਂ ਵਿੱਚ ਸਵਾਰੀਆਂ ਦੀ ਗਿਣਤੀ ਦੀ ਸੀਮਾ ਹਟਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਭਾਵੇਂ ਕਿ ਨਿੱਜੀ ਕਾਰਾਂ ਅਤੇ ਦੋ-ਪਹੀਆ ਵਾਹਨਾਂ ਉਤੇ ਸਵਾਰੀਆਂ ਦੀ ਸੀਮਾ ਹਟਾਈ ਜਾ ਰਹੀ ਹੈ, ਕਿਉਂਕਿ ਇਨ੍ਹਾਂ ਵਾਹਨਾਂ ਵਿਚ ਮੁੱਖ ਤੌਰ ਉਤੇ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ-ਮਿੱਤਰ ਹੀ ਸਵਾਰ ਹੁੰਦੇ ਹਨ ਪਰ ਸਵਾਰੀਆਂ ਢੋਹਣ ਵਾਲੇ ਕਮਰਸ਼ੀਅਲ ਵਾਹਨਾਂ ਅਤੇ ਟੈਕਸੀਆਂ ਉਤੇ ਸੀਮਾ ਪਹਿਲਾਂ ਵਾਂਗ ਜਾਰੀ ਰਹੇਗੀ।

ਹਸਪਤਾਲਾਂ ‘ਚ ਸਰਜਰੀਆਂ ਤੇ OPD ਬਹਾਲ ਹੋਵੇਗੀ

ਮੁੱਖ ਮੰਤਰੀ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਚੋਣਵੀਆਂ ਸਰਜਰੀਆਂ ਬਹਾਲ ਕਰਨ ਦੇ ਨਾਲ-ਨਾਲ ਸੂਬੇ ਦੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿਚ OPD ਸੇਵਾਵਾਂ ਮੁੜ ਸ਼ੁਰੂ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਜਿਕਰਯੋਗ ਹੈ ਕਿ ਗੰਭੀਰ ਕੋਵਿਡ ਕੇਸਾਂ ਲਈ ਆਕਸੀਜਨ ਅਤੇ ਬੈੱਡਾਂ ਦੀ ਢੁਕਵੀਂ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ 12 ਅਪ੍ਰੈਲ ਨੂੰ ਚੋਣਵੀਆਂ ਸਰਜਰੀਆਂ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਮੁੱਖ ਮੰਤਰੀ ਨੇ ਹੁਣ ਇਨ੍ਹਾਂ ਅਪਰੇਸ਼ਨਾਂ ਨੂੰ ਹਸਪਤਾਲ ਵਿੱਚ ਐਲ-3 ਮਰੀਜਾਂ ਲਈ ਬੈੱਡਾਂ ਦੀ ਕਮੀ ਨਾ ਹੋਣ ਦੀ ਸ਼ਰਤ ਉਤੇ ਬਹਾਲ ਕਰਨ ਆਗਿਆ ਦਿੱਤੀ ਹੈ।

ਸੂਬੇ ਵਿਚ ਆਕਸੀਜਨ ਦੀ ਸਥਿਤੀ ਸੁਖਾਵੀਂ ਹੋਣ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਜ਼ਰੂਰੀ ਗੈਰ-ਮੈਡੀਕਲ ਮੰਤਵਾਂ ਲਈ ਵੀ ਹੁਣ ਆਕਸੀਜਨ ਵਰਤਣ ਦੀ ਇਜਾਜ਼ਤ ਹੋਵੇਗੀ, ਹਾਲਾਂਕਿ ਮੈਡੀਕਲ ਆਕਸੀਜਨ ਦੇ ਤਿੰਨ ਦਿਨਾ ਬੱਫਰ ਸਟਾਕ ਨੂੰ ਹਰ ਸਮੇਂ ਬਰਕਰਾਰ ਰੱਖਣਾ ਹੋਵੇਗਾ।

ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜਾਂ ਨੇ 50 ਫੀਸਦੀ OPD ਸੇਵਾਵਾਂ ਪਹਿਲਾਂ ਹੀ ਸ਼ੁਰੂ ਕੀਤੀਆਂ ਹੋਈਆਂ ਹਨ, ਜੋ ਹੁਣ 100 ਫੀਸਦੀ ਹੋ ਜਾਣਗੀਆਂ।

ਦੁਕਾਨਾਂ ‘ਤੇ ਫ਼ੈਸਲਾ ਡਿਪਟੀ ਕਮਿਸ਼ਨਰ ਹੀ ਲੈਣਗੇ

ਮੁੱਖ ਮੰਤਰੀ ਨੇ ਕਿਹਾ ਕਿ ਸਥਾਨਕ ਹਾਲਤਾਂ ਦੀ ਤਰਜੀਹ ਦੇ ਮੁਤਾਬਕ ਗੈਰ-ਜ਼ਰੂਰੀ ਦੁਕਾਨਾਂ ਖੋਲ੍ਹਣ ਵਿਚ ਕਿਸੇ ਵੀ ਤਰ੍ਹਾਂ ਦੀ ਰੱਦੋ-ਬਦਲ ਕਰਨ ਲਈ ਡਿਪਟੀ ਕਮਿਸ਼ਨਰ ਹੀ ਅਧਿਕਾਰਤ ਰਹਿਣਗੇ।

ਹਸਪਤਾਲਾਂ ਨੂੰ ਵੱਡੇ ਬੋਰਡ ਲਗਾਉਣ ਦਾ ਹੁਕਮ

ਕੁਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਵੱਧ ਪੈਸੇ ਵਸੂਲਣ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਕੋਵਿਡ ਦੇ ਸੰਕਟਕਾਲੀਨ ਸਮੇਂ ਵਿਚ ਮੁਨਾਫਾਖੋਰੀ ਕਰਨ ਅਤੇ ਮਰੀਜਾਂ ਨੂੰ ਲੁੱਟਣ ਦੀ ਕਿਸੇ ਵੀ ਕੀਮਤ ਉਤੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਹਸਪਤਾਲਾਂ ਵੱਲੋਂ ਆਪਣੇ ਪ੍ਰਵੇਸ਼ ਉਤੇ ਇਲਾਜ ਦੀਆਂ ਕੀਮਤਾਂ ਨੂੰ ਦਰਸਾਉਂਦੇ 11×5 ਦੇ ਆਕਾਰ ਦੇ ਬੋਰਡ ਲਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਸੰਭਾਵੀ ਤੀਜੀ ਲਹਿਰ ਲਈ ਵੀ ਤਿਆਰੀ

ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਕੋਵਿਡ ਸਿਹਤ ਸੰਭਾਲ ਨਾਲ ਸਬੰਧਤ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਨੂੰ ਮਜ਼ਬੂਤ ਕੀਤੇ ਜਾਣਾ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ, ਤਾਂ ਜੋ ਮਹਾਮਾਰੀ ਦੀ ਸੰਭਾਵੀ ਤੀਜੀ ਲਹਿਰ ਨਾਲ ਨਿਪਟਿਆ ਜਾ ਸਕੇ। ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਨੂੰ ਬੱਚਿਆਂ ਦੀ ਸਿਹਤ ਸੰਭਾਲ ਦੀਆਂ ਸਹੂਲਤਾਂ ਵਧਾਉਣ ਦੇ ਨਾਲ-ਨਾਲ ਭਾਰਤ ਸਰਕਾਰ ਪਾਸੋਂ ਬੱਚਿਆਂ ਲਈ ਵਰਤੋਂ ਵਿਚ ਆਉਂਦੇ 500 ਪੈਡੀਐਟਰਿਕ ਵੈਂਟੀਲੇਟਰਾਂ ਦੀ ਮੰਗ ਕਰਨ ਲਈ ਆਖਿਆ।

ਮੁੱਖ ਮੰਤਰੀ ਨੇ ਸੰਭਾਵੀ ਤੀਜੀ ਲਹਿਰ ਦੀ ਮੰਗ ਦੀ ਪੂਰਤੀ ਕਰਨ ਲਈ ਤਕਨੀਕੀ ਅਤੇ ਸਪੈਸ਼ਲਿਸਟਾਂ ਦੀਆਂ ਹੋਰ ਅਸਾਮੀਆਂ ਸਿਰਜਣ ਦੇ ਵੀ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਡਾਕਟਰਾਂ ਅਤੇ ਨਰਸਾਂ ਦੀ ਭਰਤੀ ਲਗਭਗ ਮੁਕੰਮਲ ਹੈ, ਜਦਕਿ ਆਰਜ਼ੀ ਹਸਪਤਾਲਾਂ ਲਈ ਸਾਜੋ-ਸ਼ਾਮਾਨ ਖਰੀਦਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਆਈ.ਏ.ਐਸ./ਪੀ.ਸੀ.ਐਸ. ਦੇ ਮੌਜੂਦਾ ਅਹੁਦੇ ਦੇ ਕਾਰਜਕਾਲ ਦੇ ਅੱਧ-ਵਿਚਾਲਿਓਂ ਤਬਾਦਲੇ ਕੋਵਿਡ ਸੰਕਟ ਜਾਰੀ ਰਹਿਣ ਤੱਕ ਰੋਕ ਲੈਣੇ ਚਾਹੀਦੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments