Home Corona ਕੈਪਟਨ ਨੇ ਇਕ ਲੱਖ ਸਰਕਾਰੀ ਨੌਕਰੀਆਂ ਦੇਣ ਦੇ ਟੀਚੇ ਨੂੰ ਹਾਸਲ ਕਰਨ...

ਕੈਪਟਨ ਨੇ ਇਕ ਲੱਖ ਸਰਕਾਰੀ ਨੌਕਰੀਆਂ ਦੇਣ ਦੇ ਟੀਚੇ ਨੂੰ ਹਾਸਲ ਕਰਨ ਲਈ ਅੱਗੇ ਵਧਣ ਵਾਸਤੇ ਆਖਿਆ

ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਨੂੰ ਇਕ ਲੱਖ ਸਰਕਾਰੀ ਨੌਕਰੀਆਂ ਦੇਣ ਦੇ ਮਿੱਥੇ ਟੀਚੇ ਨੂੰ ਛੇਤੀ ਤੋਂ ਛੇਤੀ ਹਾਸਲ ਕਰਨ ਲਈ ਯਤਨ ਹੋਰ ਅੱਗੇ ਵਧਾਉਣ ਲਈ ਆਖਿਆ ਹੈ।

ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਮਾਰਚ, 2017 ਦੇ ਸਮੇਂ ਤੋਂ, ਖਾਸ ਕਰਕੇ ਕੋਵਿਡ-19 ਦੇ ਔਖੇ ਸਮਿਆਂ ਦੌਰਾਨ ਵੀ ਸਰਕਾਰੀ, ਪ੍ਰਾਈਵੇਟ ਖੇਤਰ ਤੋਂ ਇਲਾਵਾ ਸਵੈ-ਰੋਜ਼ਗਾਰ ਵਿੱਚ 17.61 ਲੱਖ ਨੌਕਰੀਆਂ ਦੇਣ ਵਿਚ ਸਹੂਲਤ ਮੁਹੱਈਆ ਕਰਵਾਉਣ ਲਈ ਵਿਭਾਗ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਭਾਗ ਨੂੰ ਹੁਨਰ ਵਿਕਾਸ ਸਿਖਲਾਈ ਉਤੇ ਵਿਸ਼ੇਸ਼ ਤੌਰ ਉਤੇ ਜੋਰ ਦੇਣ ਲਈ ਆਖਿਆ ਕਿਉਂ ਜੋ ਇਹ ਉਪਰਾਲਾ ਸਾਡੇ ਨੌਜਵਾਨਾਂ ਨੂੰ ਸਥਾਨਕ ਸਨਅਤ ਦੀਆਂ ਲੋੜਾਂ ਦੇ ਮੁਤਾਬਕ ਹੁਨਰਮੰਦ ਬਣਾਉਣ ਵਿਚ ਸਹਾਈ ਸਿੱਧ ਹੋਵੇਗਾ।

ਇਸੇ ਦੌਰਾਨ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਨੇ ਸਰਵਿਸ ਅਤੇ ਆਈ.ਟੀ. ਸੈਕਟਰ ਵਿਚ ਅਧਿਨਕਤਾਵਾਂ ਦੇ ਆਧਾਰ ਉਤੇ ਮੌਜੂਦਾ ਰੋਜ਼ਗਾਰ ਮਾਰਕੀਟ ਦੀ ਗਤੀ ਦੇ ਮੁਤਾਬਕ ਸਾਡੇ ਨੌਜਵਾਨਾਂ ਨੂੰ ਤਕਨੀਕੀ ਹੁਨਰ ਦੇ ਪੱਖ ਤੋਂ ਲੈਸ ਕਰਨ ਵਿਚ ਸਹੂਲਤ ਮੁਹੱਈਆ ਕਰਵਾਉਣ ਲਈ ਲਾਮਿਸਾਲ ਯੋਗਦਾਨ ਪਾਇਆ ਹੈ।

ਇਸ ਤੋਂ ਪਹਿਲਾਂ, ਰੋਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਵਿਚ ਪੇਸ਼ਕਾਰੀ ਦਿੰਦੇ ਹੋਏ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 17.62 ਲੱਖ ਨੌਕਰੀਆਂ ਵਿੱਚੋਂ ਠੇਕੇ ਦੇ ਆਧਾਰ ਉਤੇ ਨਿਯੁਕਤੀਆਂ ਸਮੇਤ 62,743 ਸਰਕਾਰੀ ਨੌਕਰੀਆਂ, ਪ੍ਰਾਈਵੇਟ ਸੈਕਟਰ ਵਿਚ 7.02 ਲੱਖ ਨੌਕਰੀਆਂ ਅਤੇ ਇਸ ਤੋਂ ਇਲਾਵਾ ਸਵੈ-ਰੋਜ਼ਗਾਰ ਕਿੱਤਾ ਸ਼ੁਰੂ ਕਰਨ ਲਈ 9.97 ਲੱਖ ਨੌਜਵਾਨਾਂ ਨੂੰ ਸਹੂਲਤ ਪ੍ਰਦਾਨ ਕੀਤੀ ਗਈ। ਉਹਨਾਂ ਨੇ ਅੱਗੇ ਦੱਸਿਆ ਕਿ ਕੋਵਿਡ ਦੀ ਦੂਜੀ ਲਹਿਰ ਨੇ ਸਾਡੀਆਂ ਯੋਜਨਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਅਤੇ ਸਥਿਤੀ ਵਿਚ ਸੁਧਾਰ ਹੋਣ ਉਤੇ ਵਿਭਾਗ ਵੱਲੋਂ ਮਿੱਥੇ ਹੋਏ ਟੀਚੇ ਯਕੀਨਨ ਤੌਰ ਉਤੇ ਹਾਸਲ ਕੀਤੇ ਜਾਣਗੇ, ਕਿਉਂ ਜੋ ਰੋਜ਼ਗਾਰ ਅਤੇ ਹੁਨਰ ਸਿਖਲਾਈ ਦੇ ਸਾਰੇ ਪੱਖਾਂ ਨੂੰ ਗਹੁ ਨਾਲ ਵਾਚਿਆ ਜਾ ਰਿਹਾ ਹੈ ਅਤੇ ਇਹ ਸਹੀ ਦਿਸ਼ਾ ਵਿਚ ਹਨ।

ਉਨ੍ਹਾਂ ਦੱਸਿਆ ਕਿ ਮੰਤਰੀ ਪ੍ਰੀਸ਼ਦ ਵੱਲੋਂ ਦਿੱਤੀ ਜਾ ਚੁੱਕੀ ਪ੍ਰਵਾਨਗੀ ਤਹਿਤ 61,336 ਅਸਾਮੀਆਂ ਭਰਨ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਵਿਭਾਗ ਜਲਦ ਹੀ 40 ਵਿਭਾਗਾਂ ਦੇ ਪ੍ਰਸ਼ਾਸਕੀ ਸਕੱਤਰਾਂ ਨੂੰ ਬਾਕੀ ਲਗਭਗ 39,000 ਖਾਲੀ ਅਸਾਮੀਆਂ ਦੇ ਪ੍ਰਸਤਾਵ ਮਨਜੂਰੀ ਲਈ ਮੰਤਰੀ ਮੰਡਲ ਨੂੰ ਭੇਜਣ ਲਈ ਕਹੇਗਾ।

ਇਹ ਵੀ ਦੱਸਿਆ ਗਿਆ ਕਿ ਹੁਣ ਤੱਕ ਛੇ ਮੈਗਾ ਰੁਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਚੁੱਕੇ ਹਨ ਅਤੇ ਅਪ੍ਰੈਲ, 2021 ਵਿਚ ਹੋਣ ਵਾਲਾ ਸੱਤਵਾਂ ਰੁਜ਼ਗਾਰ ਮੇਲਾ ਕੋਵਿਡ ਮਾਮਲਿਆਂ ਵਿਚ ਹੋਏ ਤਾਜ਼ਾ ਵਾਧੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਸਥਿਤੀ ਆਮ ਵਰਗੀ ਹੋਣ ‘ਤੇ ਇਹ ਰੁਜ਼ਗਾਰ ਮੇਲਾ ਜੁਲਾਈ ਵਿਚ ਆਯੋਜਿਤ ਕੀਤਾ ਜਾਏਗਾ ਅਤੇ ਇਕ ਹੋਰ ਮੈਗਾ ਮੇਲਾ ਸਤੰਬਰ ਜਾਂ ਅਕਤੂਬਰ ਵਿਚ ਕਰਵਾਇਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

Most Popular

Recent Comments