ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ‘ਬਸੇਰਾ’ ਸਕੀਮ ਤਹਿਤ 3245 ਹੋਰ ਝੁੱਗੀ ਝੌਂਪੜੀ ਵਾਲਿਆਂ ਨੂੰ ਮਾਲਕਾਨਾਂ ਹੱਕ ਪ੍ਰਦਾਨ ਕੀਤੇ ਜਾਣ ਦੇ ਹੁਕਮ ਦਿੱਤੇ। ਇਸਦੇ ਨਾਲ ਹੀ ਉਹਨਾਂ ਇਸ ਵਰ੍ਹੇ ਦੇ ਸਤੰਬਰ ਮਹੀਨੇ ਤੱਕ ਅਜਿਹੇ 40,000 ਘਰਾਂ ਨੂੰ ਇਹ ਮਾਲਕਾਨਾਂ ਹੱਕ ਦਿੱਤੇ ਜਾਣ ਦੀ ਪ੍ਰਕਿਰਿਆ ਪੂਰੀ ਕਰਨ ਦੇ ਨਿਰਦੇਸ਼ ਵੀ ਦਿੱਤੇ।
ਮੁੱਖ ਮੰਤਰੀ ਝੁੱਗੀ ਝੌਂਪੜੀ ਵਿਕਾਸ ਪ੍ਰੋਗਰਾਮ ‘ਬਸੇਰਾ’ ਤਹਿਤ ਉੱਚ ਪੱਧਰੀ ਕਮੇਟੀ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਵਿਭਾਗ ਨੂੰ ਤਸਦੀਕ ਪ੍ਰਕਿਰਿਆ ਤੇਜ਼ੀ ਨਾਲ ਪੂਰੀ ਕਰਕੇ ਸੂਬੇ ਵਿੱਚ ਵੱਧ ਤੋਂ ਵੱਧ ਝੁੱਗੀ ਝੌਂਪੜੀ ਵਾਲਿਆਂ ਨੂੰ ਮਾਲਕਾਨਾਂ ਹੱਕ ਦੇਣਾ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਵੱਖੋ-ਵੱਖ ਜ਼ਿਲ੍ਹਿਆਂ ਵਿੱਚ ਇਸ ਸਕੀਮ ਤਹਿਤ ਹੋਈ ਪ੍ਰਗਤੀ ਦੀ ਸਮੀਖਿਆ ਵੀ ਕੀਤੀ। ਜਿਹਨਾਂ 3245 ਘਰਾਂ ਨੂੰ ਮਾਲਕਾਨਾ ਹੱਕ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ, ਉਹਨਾਂ ਵਿੱਚ 12 ਝੁੱਗੀ ਝੌਂਪੜੀ ਵਾਲੇ ਘਰ ਫਰੀਦਕੋਟ, ਸੰਗਰੂਰ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਵਿੱਚ ਸਥਿਤ ਹਨ।
‘ਸਤੰਬਰ ਤੱਕ ਹੋਵੇਗੀ 40,000 ਘਰਾਂ ਦੀ ਤਸਦੀਕ’
ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਇਹ ਜਾਣੂੰ ਕਰਵਾਇਆ ਗਿਆ ਕਿ ਅਜੇ ਤੱਕ 20 ਜ਼ਿਲ੍ਹਿਆਂ ਵਿਚਲੇ 186 ਝੁੱਗੀ ਝੌਂਪੜੀ ਵਾਲੇ ਇਲਾਕਿਆਂ, ਜਿਹਨਾਂ ਵਿੱਚ 21,431 ਘਰ ਹਨ, ਦੀ ਪਛਾਣ ਕੀਤੀ ਗਈ ਹੈ। ਨਾਲ ਹੀ ਅਗਲੇ 2 ਮਹੀਨਿਆਂ ਵਿੱਚ 25,000 ਘਰਾਂ ਦੀ ਤਸਦੀਕ ਕਰ ਲਈ ਜਾਵੇਗੀ ਅਤੇ ਯੋਗ ਪਾਏ ਜਾਣ ਵਾਲੇ ਝੁੱਗੀ ਝੌਂਪੜੀ ਵਾਲਿਆਂ ਨੂੰ ਮਾਲਕਾਨਾਂ ਹੱਕ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ 40,000 ਘਰਾਂ ਦੀ ਤਸਦੀਕ ਸਤੰਬਰ, 2021 ਤੱਕ ਪੂਰੀ ਕੀਤੀ ਜਾਵੇਗੀ।
ਹਾਲੇ ਤੱਕ 4705 ਘਰਾਂ ਨੂੰ ਪ੍ਰਵਾਨਗੀ
ਸਰਕਾਰ ਮੁਤਾਬਕ, ਇਸ ਸਕੀਮ ਤਹਿਤ 21 ਝੁੱਗੀ ਝੌਂਪੜੀ ਵਾਲੇ ਇਲਾਕਿਆਂ ਵਿਚਲੇ 4705 ਘਰਾਂ ਨੂੰ ਮਾਲਕਾਨਾਂ ਹੱਕ ਦੀ ਮਨਜ਼ੂਰੀ ਦਿੱਤੀ ਹੈ, ਜੋ ਕਿ ਮੋਗਾ, ਬਠਿੰਡਾ, ਫ਼ਾਜ਼ਿਲਕਾ, ਪਟਿਆਲਾ, ਸੰਗਰੂਰ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਵਿੱਚ ਸਥਿਤ ਹਨ। ਇਹਨਾਂ ਤੋਂ ਇਲਾਵਾ ਮੌਜੂਦਾ ਸਮੇਂ ‘ਚ 186 ਹੋਰ ਝੁੱਗੀ ਝੌਂਪੜੀਆਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿਹਨਾਂ ਵਿੱਚ ਤਕਰੀਬਨ 22,000 ਘਰ ਹਨ। ਮੁੱਖ ਮੰਤਰੀ ਵੱਲੋਂ ਇਸ ਵਰ੍ਹੇ ਜਨਵਰੀ ਵਿੱਚ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ।