ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੀ ਵੈਕਸੀਨ ਪਾਲਿਸੀ ‘ਤੇ ਸਵਾਲ ਚੁੱਕੇ ਹਨ। ਪੀਐੱਮ ਵੱਲੋਂ ਸੱਦੀ ਗਈ ਬੈਠਕ ‘ਚ ਸੀਐੱਮ ਕੈਪਟਨ ਨੇ ਵੈਕਸੀਨੇਸ਼ਨ ਦਾ ਮੁੱਦਾ ਚੁੱਕਦੇ ਹੋਏ ਕੇਂਦਰ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬਣਾਈ ਟੀਕਾਕਰਨ ਨੀਤੀ ਨੂੰ ਸੂਬਿਆਂ ਲਈ ਪੱਖਪਾਤੀ ਕਰਾਰ ਦਿੱਤਾ। ਕੈਪਟਨ ਨੇ ਟੀਕਾਕਰਨ ‘ਚ ਕੇਂਦਰ ਅਤੇ ਸੂਬਿਆਂ ਦੀ ਬਰਾਬਰ ਹਿੱਸੇਦਾਰੀ ਦੀ ਮੰਗ ਕੀਤੀ।
ਟੀਕਾਕਰਨ ਦੀ ਰਫ਼ਤਾਰ ਘਟੀ- ਕੈਪਟਨ
ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟੀਕਾਕਰਨ ਨੂੰ ਪੂਰੀ ਰਫ਼ਤਾਰ ਨਾਲ ਜਾਰੀ ਰੱਖਣ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਨੂੰ ਉਚਿਤ ਵੈਕਸੀਨ ਮਿਲਦੀ ਰਹੇ। ਕੈਪਟਨ ਨੇ ਕਿਹਾ ਕਿ ਸਪਲਾਈ ਦੀ ਕਮੀ ਦੇ ਚਲਦੇ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ‘ਚ ਟੀਕਾਕਰਨ ਮੁਹਿੰਮ ਦੀ ਰਫ਼ਤਾਰ ਘਟੀ ਹੈ। ਉਹਨਾਂ ਕਿਹਾ ਕਿ ਅਜੇ ਵੀ ਪੰਜਾਬ ਕੋਲ ਵੈਕਸੀਨ ਦਾ ਉਚਿਤ ਸਟੌਕ ਨਹੀਂ ਹੈ।
ਆਕਸੀਜ਼ਨ ਅਤੇ ਰੇਮਡੇਸਿਵਿਰ ਦਾ ਮੁੱਦਾ ਵੀ ਚੁੱਕਿਆ
ਮੀਟਿੰਗ ‘ਚ ਕੈਪਟਨ ਨੇ ਆਕਸੀਜ਼ਨ ਅਤੇ ਰੇਮਡੇਸਿਵਿਰ ਇੰਜੈਕਸ਼ਨ ਦਾ ਮੁੱਦਾ ਵੀ ਚੁੱਕਿਆ। ਕੈਪਟਨ ਨੇ ਕਿਹਾ ਕਿ ਆਕਸੀਜ਼ਨ ਅਤੇ ਰੇਮਡੇਸਿਵਿਰ ਦੀ ਕਿੱਲਤ ਦੀਆਂ ਖ਼ਬਰਾਂ ਪਰੇਸ਼ਾਨ ਕਰਨ ਵਾਲੀਆਂ ਹਨ। ਮੁੱਖ ਮੰਤਰੀ ਨੇ ਪੀਐੱਮ ਤੋਂ ਸਪਲਾਈ ਸੁਨਿਸ਼ਚਿਤ ਕਰਨ ਦੀ ਮੰਗ ਕੀਤੀ।