ਚੰਡੀਗੜ੍ਹ। ਪੰਜਾਬ ਨੇ ਬਹੁਤ ਸਾਰੀਆਂ ਚੁਣੌਤੀਆਂ ਖ਼ਾਸਕਰ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਦੇ ਬਾਵਜੂਦ ਕਣਕ ਦੀ ਖ਼ਰੀਦ ਦੇ 100 ਲੱਖ ਮੀਟ੍ਰਿਕ ਟਨ ਟੀਚੇ ਨੂੰ ਪਾਰ ਕਰ ਲਿਆ ਹੈ। ਸੂਬੇ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਹ ਜਾਣਕਾਰੀ ਦਿੱਤੀ ਹੈ।
ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ 19 ਦਿਨਾਂ ਦਰਮਿਆਨ ਕੁੱਲ ਖ਼ਰੀਦ ਕਾਰਜਾਂ ਦਾ ਲਗਭਗ 77 ਫ਼ੀਸਦ ਕੰਮ ਮੁਕੰਮਲ ਕਰ ਲਿਆ ਗਿਆ ਹੈ। ਕਣਕ ਦੀ ਕੁੱਲ 130 ਲੱਖ ਮੀਟ੍ਰਿਕ ਟਨ ਆਮਦ ਦਾ ਅਨੁਮਾਨ ਸੀ, ਸੂਬਾ ਮੰਡੀਆਂ ਵਿੱਚ ਹੁਣ ਤੱਕ 101.86 ਲੱਖ ਮੀਟ੍ਰਿਕ ਟਨ ਦੀ ਆਮਦ ਦਰਜ ਕੀਤੀ ਗਈ ਹੈ ਜਿਸ ਵਿਚੋਂ ਚੱਲ ਰਹੇ ਰਬੀ ਮਾਰਕੀਟਿੰਗ ਸੀਜ਼ਨ (ਆਰ.ਐਮ.ਐੱਸ.) ਦੌਰਾਨ 100.17 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਮੰਡੀਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 164 ਫ਼ੀਸਦ ਵਧੇਰੇ ਕਣਕ ਦੀ ਆਮਦ ਹੋਈ, ਜਦੋਂ ਕਿ ਪਿਛਲੇ ਹਾੜੀ ਮੰਡੀਕਰਨ ਸੀਜ਼ਨ ਵਿਚ ਇਸ ਸਮੇਂ ਤੱਕ 62.44 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ।
ਸੂਬੇ ਭਰ ‘ਚ ਸੰਗਰੂਰ ਮੋਹਰੀ- ਆਸ਼ੂ
ਆਸ਼ੂ ਨੇ ਅੱਗੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਸਭ ਤੋਂ ਵੱਧ 10.12 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 28 ਅਪ੍ਰੈਲ ਤੱਕ 10.04 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਸੰਗਰੂਰ ਤੋਂ ਬਾਅਦ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਕ੍ਰਮਵਾਰ 8.25 ਲੱਖ ਮੀਟ੍ਰਿਕ ਟਨ ਅਤੇ 8.16 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਉਹਨਾਂ ਇਹ ਵੀ ਦੱਸਿਆ ਕਿ ਨਵੀਂ ਲਾਗੂ ਕੀਤੀ ਡੀਬੀਟੀ ਪ੍ਰਣਾਲੀ ਤਹਿਤ 6,03,602 ਲੱਖ ਕਿਸਾਨਾਂ ਨੂੰ 15,500 ਕਰੋੜ ਰੁਪਏ ਦਾ ਭੁਗਤਾਨ ਵੀ ਕੀਤਾ ਜਾ ਚੁੱਕਾ ਹੈ।