ਚੰਡੀਗੜ੍ਹ। ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਚੱਲ ਰਹੇ ਵੈਕਸੀਨੇਸ਼ਨ ਪ੍ਰੋਗਰਾਮ ਤਹਿਤ ਪੰਜਾਬ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। 3 ਜੁਲਾਈ ਨੂੰ ਸੂਬੇ ਭਰ ‘ਚ 5 ਲੱਖ ਤੋਂ ਵੀ ਵੱਧ ਲੋਕਾਂ ਨੇ ਕੋਰੋਨਾ ਦਾ ਟੀਕਾ ਲਗਵਾਇਆ। ਸਟੇਟ ਨੋਡਲ ਅਫਸਰ ਵਿਕਾਸ ਗਰਗ ਨੇ ਇਸ ਬਾਰੇ ਜਾਣਕਾਰੀ ਦਿੱਤੀ।
ਕੋਵਿਡ ਟੀਕਾਕਰਨ ਦੇ ਸਟੇਟ ਨੋਡਲ ਅਫਸਰ ਵਿਕਾਸ ਗਰਗ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 3 ਜੁਲਾਈ ਨੂੰ ਇਕ ਦਿਨ ਵਿੱਚ 5.14 ਲੱਖ ਟੀਕੇ ਲਗਾਉਣ ਦੇ ਨਿਰਧਾਰਤ ਕੀਤੇ ਟੀਚੇ ਨੂੰ ਕਰੀਬ-ਕਰੀਬ ਪੂਰਾ ਕਰਦਿਆਂ ਸੂਬੇ ਵਿੱਚ 5 ਲੱਖ ਤੋਂ ਵੱਧ ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਹੁਣ ਤੱਕ ਪੰਜਾਬ ਵਿੱਚ ਟੀਕਿਆਂ ਦੀਆਂ 78 ਲੱਖਾਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਅੰਕੜੇ 18 ਸਾਲ ਤੋਂ ਵੱਧ ਹਰ ਉਮਰ ਵਰਗ ਤੇ ਤਰਜੀਹੀ ਵਰਗਾਂ ਨੂੰ ਮਿਲਾ ਕੇ ਕੁੱਲ ਗਿਣਤੀ ਦੇ ਹਨ।
ਪੰਜਾਬ ਨੇ ਕੇਂਦਰ ਤੋਂ ਹੋਰ ਮੰਗੀ ਵੈਕਸੀਨ
ਸਟੇਟ ਨੋਡਲ ਅਫਸਰ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾਕਟਰੀ ਅਮਲੇ ਅਤੇ ਸਿਹਤ ਕਾਮਿਆਂ ਨੂੰ ਦਿੱਤੀ ਹੱਲਾਸ਼ੇਰੀ ਨਾਲ ਸੂਬੇ ਵਿੱਚ ਟੀਕਾਕਰਨ ਲਈ ਨਿਰਧਾਰਤ ਟੀਚਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਟੀਕਿਆਂ ਦੀ ਹੋਰ ਸਪਲਾਈ ਦੇਣ ਦੀ ਵੀ ਗੁਜ਼ਾਰਿਸ਼ ਕੀਤੀ ਹੈ ਤਾਂ ਜੋ ਸੂਬੇ ਵਿੱਚ ਸਫਲਤਾ ਨਾਲ ਚੱਲ ਰਹੀ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਕੋਵਿਡ ਉਤੇ ਫ਼ਤਿਹ ਪਾਈ ਜਾ ਸਕੇ।
ਬੁਲਾਰੇ ਨੇ ਅੱਗੇ ਕਿਹਾ ਕਿ ਇਸ ਵੱਡੀ ਪ੍ਰਾਪਤੀ ਲਈ ਮੁੱਖ ਮੰਤਰੀ ਨੇ ਜ਼ਿਲਾ ਪ੍ਰਸ਼ਾਸਨ ਦੇ ਨਾਲ ਸਿਹਤ ਵਿਭਾਗ ਦੇ ਹਰੇਕ ਡਾਕਟਰ, ਪੈਰਾ ਮੈਡੀਕਲ ਸਟਾਫ ਤੇ ਕਰਮਚਾਰੀ ਨੂੰ ਸਰਗਰਮੀ ਨਾਲ ਨਿਭਾਈ ਜਾ ਰਹੀ ਭੂਮਿਕਾ ਲਈ ਵਧਾਈ ਵੀ ਦਿੱਤੀ ਹੈ। ਉਨ੍ਹਾਂ ਕਿਹਾ, ”ਇਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਲੋਕ ਅੱਗੇ ਹੋ ਕੇ ਵਧ-ਚੜ੍ਹ ਕੇ ਟੀਕਾਕਰਨ ਮੁਹਿੰਮ ਨੂੰ ਸਫਲ ਬਣਾ ਰਹੇ ਹਨ ਅਤੇ ਟੀਕਾਕਰਨ ਪ੍ਰਤੀ ਕਿਸੇ ਵਿੱਚ ਕੋਈ ਵੀ ਸ਼ੰਕਾ ਨਹੀਂ ਹੈ। ਪੰਜਾਬ ਦੀ ਇਸ ਮੁਹਿੰਮ ਨੂੰ ਹੋਰ ਸਫਲ ਬਣਾਉਣ ਲਈ ਭਾਰਤ ਸਰਕਾਰ ਦਾ ਸਿਹਤ ਮੰਤਰਾਲਾ ਟੀਕਿਆਂ ਦੀ ਸਪਲਾਈ ਵਿੱਚ ਹੋਰ ਤੇਜ਼ੀ ਲਿਆਈ ਜਾਵੇ।”
ਟੀਕਾਕਰਨ ‘ਚ ਲੁਧਿਆਣਾ ਮੋਹਰੀ
ਓਧਰ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਬਿੱਟੂ ਦ ਦਾਅਵਾ ਹੈ ਕਿ ਲੁਧਿਆਣਾ ‘ਚ ਕੋਰੋਨਾ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 3 ਜੁਲਾਈ ਨੂੰ ਜ਼ਿਲ੍ਹੇ ‘ਚ 82677 ਲੋਕਾਂ ਦਾ ਟੀਕਾਕਰਨ ਕੀਤਾ ਗਿਆ। ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।