ਚੰਡੀਗੜ੍ਹ। ਇਨਵੈਸਟ ਪੰਜਾਬ ਰਾਹੀਂ ਜਾਪਾਨ ਤੋਂ ਸੂਬੇ ਵਿਚ ਨਿਵੇਸ਼ ਲਿਆਉਣ ਪ੍ਰਤੀ ਸੂਬਾ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਵਿਚ ‘ਛੋਟਾ ਜਾਪਾਨ’ ਬਣਾਉਣ ਦੀ ਸੋਚ ਦਾ ਪ੍ਰਗਟਾਵਾ ਕੀਤਾ ਜੋ ਕਿ ਸੂਬੇ ਵਿਚ ਮੌਜੂਦਾ ਸਮੇਂ ਵਪਾਰਕ ਗਤੀਵਿਧੀਆਂ ਚਲਾ ਰਹੀਆਂ 100 ਤੋਂ ਵੱਧ ਜਾਪਾਨੀ ਕੰਪਨੀਆਂ ਨਾਲ ਸਹਿਯੋਗ ਨੂੰ ਹੋਰ ਅੱਗੇ ਲੈ ਕੇ ਜਾਵੇਗੀ।
ਇਨਵੈਸਟ ਪੰਜਾਬ ਦੇ ਜਾਪਾਨ ਡੈਸਕ ਵੱਲੋਂ ਪੰਜਾਬ ਵਿਚ ਨਿਵੇਸ਼ ਦੇ ਮੌਕੇ ਤਲਾਸ਼ਣ ਲਈ ਟੋਕੀਓ ਵਿਚਲੇ ਭਾਰਤੀ ਦੂਤਘਰ ਦੇ ਸਹਿਯੋਗ ਨਾਲ ਕਰਵਾਏ ਭਾਰਤ-ਜਾਪਾਨ ਨਿਵੇਸ਼ ਸੰਮੇਲਨ ਮੌਕੇ ਮੁੱਖ ਮੰਤਰੀ ਨੇ ਵਰਚੁਅਲ ਤੌਰ ’ਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਪਾਰਕ ਗਤੀਵਿਧੀਆਂ ਚਲਾਉਣ ਪੱਖੋਂ ਸਭ ਤੋਂ ਸੁਰੱਖਿਅਤ ਸਥਾਨ ਹੈ, ਕਿਉਂਕਿ ਇੱਥੇ ਬੀਤੇ 30 ਵਰਿਆਂ ਦੌਰਾਨ ਨਾ ਤਾਂ ਕੋਈ ਲਾਕਆਊਟ ਅਤੇ ਨਾ ਹੀ ਕੋਈ ਹੜਤਾਲ ਵੇਖਣ ਨੂੰ ਮਿਲੀ ਹੈ। ਉਨਾਂ ਅੱਗੇ ਕਿਹਾ, ‘‘ਭਾਰਤ ਸਰਕਾਰ ਵੱਲੋਂ ਇਨਵੈਸਟ ਪੰਜਾਬ ਨੂੰ ਚੋਟੀ ਦੀ ਕਾਰਗੁਜ਼ਾਰੀ ਵਾਲੀ ਸੂਬਾਈ ਨਿਵੇਸ਼ ਪ੍ਰੋਮੋਸ਼ਨ ਅਥਾਰਟੀ ਐਲਾਨਿਆ ਗਿਆ ਹੈ ਅਤੇ ਇੱਥੇ ਜਾਪਾਨ ਡੈਸਕ ਦੀ ਸਥਾਪਨਾ ਵੀ ਕੀਤੀ ਗਈ ਹੈ, ਤਾਂ ਜੋ ਸੂਬੇ ਵਿਚ ਨਿਵੇਸ਼ ਕਰਨ ਦੇ ਚਾਹਵਾਨ ਜਾਪਾਨੀ ਨਿਵੇਸ਼ਕਾਰਾਂ ਦੀ ਮਦਦ ਕੀਤੀ ਜਾ ਸਕੇ ਅਤੇ ਜਾਪਾਨ ਤੇ ਪੰਜਾਬ ਦੀਆਂ ਕੰਪਨੀਆਂ ਨੂੰ ਇੱਕ ਸਾਂਝਾ ਮੰਚ ਮਿਲ ਸਕੇ।’’
ਜਾਪਾਨੀ ਕੰਪਨੀਆਂ ਨੂੰ ਭਾਈਵਾਲੀ ਲਈ ਸੱਦਾ
ਜਾਪਾਨੀ ਉਦਯੋਗਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਦਰਮਿਆਨ ਖੇਤੀਬਾੜੀ, ਫੂਡ ਪ੍ਰੋਸੈਸਿੰਗ, ਟੈਕਨੀਕਲ ਟੈਕਸਟਾਈਲ, ਇੰਜੀਨੀਅਰਿੰਗ, ਫਾਰਮਾ ਤੇ ਮੈਡੀਕਲ ਉਪਕਰਣ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿਚ ਭਾਈਵਾਲੀ ਦੀ ਕਾਫੀ ਸੰਭਾਵਨਾ ਹੈ। ਉਨਾਂ ਇਹ ਗੱਲ ਵੀ ਦੁਹਰਾਈ ਕਿ ਸੂਬੇ ਵਿਚ ਜਾਪਾਨੀ ਉਦਯੋਗਿਕ ਟਾਊਨਸ਼ਿਪ ਦੇ ਵਿਕਾਸ ਲਈ ਰਾਜਪੁਰਾ ਨੇੜੇ 1000 ਏਕੜ ਜ਼ਮੀਨ ਵੀ ਮੁਹੱਈਆ ਕਰਵਾਈ ਜਾਵੇਗੀ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਜਾਪਾਨ ’ਚ ਭਾਰਤੀ ਰਾਜਦੂਤ ਸੰਜੇ ਵਰਮਾ ਨੇ ਭਾਰਤ ਅਤੇ ਖਾਸ ਕਰਕੇ ਪੰਜਾਬ ਵਿੱਚ ਸੰਭਾਵਨਾਵਾਂ ਤਲਾਸ਼ਣ ਲਈ ਜਾਪਾਨੀ ਕੰਪਨੀਆਂ ਦਾ ਸਵਾਗਤ ਕੀਤਾ। ਉਨਾਂ ਪੰਜਾਬ ਨੂੰ ਭਾਰਤ ਦੇ ਸਭ ਤੋਂ ਖੁਸ਼ਹਾਲ ਰਾਜਾਂ ਵਿੱਚੋਂ ਇੱਕ ਵਜੋਂ ਪੇਸ਼ ਕੀਤਾ ਜੋ ਕੌਮਾਂਤਰੀ ਕੰਪਨੀਆਂ ਲਈ ਤਰਜੀਹੀ ਨਿਵੇਸ਼ ਸਥਾਨ ਵੀ ਹੈ।
ਢੁੱਕਵੀਂ ਜ਼ਮੀਨ ਦੀ ਪ੍ਰਤੀਬੱਧਤਾ ਦੁਹਰਾਈ
ਸੂਬੇ ਵਿੱਚ ਉਦਯੋਗ ਪੱਖੀ ਮਾਹੌਲ ਉੱਤੇ ਚਾਨਣਾ ਪਾਉਂਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਪੰਜਾਬ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਵਿੱਚ ਹੋਰਨਾਂ ਲਈ ਚਾਨਣ ਮੁਨਾਰਾ ਬਣਨ ਦੇ ਰਾਹ ’ਤੇ ਹੈ। ਸੂਬੇ ਵਿਚਲੇ ਨਿਵੇਸ਼ਕ ਪੱਖੀ ਮਾਹੌਲ ਨਾਲ ਪੰਜਾਬ ਸਰਕਾਰ ਨੂੰ 80,000 ਕਰੋੜ ਰੁਪਏ ਦੇ ਨਿਵੇਸ਼ ਹਾਸਲ ਹੋਏ ਹਨ, ਜੋ ਲਾਗੂ ਕਰਨ ਦੇ ਵੱਖ ਵੱਖ ਪੜਾਵਾਂ ’ਤੇ ਹਨ। ਮੁੱਖ ਸਕੱਤਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਤਿੰਨ ਥਾਵਾਂ ’ਤੇ 1000 ਏਕੜ ਤੋਂ ਵੱਧ ਜ਼ਮੀਨ ਦੇਖੀ ਹੈ ਜਿਸਦੀ ਜਾਪਾਨੀ ਉਦਯੋਗਾਂ ਦੁਆਰਾ ਘੋਖ ਕੀਤੀ ਜਾ ਸਕਦੀ ਹੈ।
ਇਨਵੈਸਟ ਪੰਜਾਬ ਦੀ ਏ.ਸੀ.ਈ.ਓ. ਈਸ਼ਾ ਕਾਲੀਆ ਨੇ ਜਾਪਾਨ ਅਤੇ ਪੰਜਾਬ ਦੇ ਮਜ਼ਬੂਤ ਦੁਵੱਲੇ ਸਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਸੂਬੇ ਵਿੱਚ ਨਿਵੇਸ਼ ਕਰਨ ਲਈ ਜਾਪਾਨੀ ਉਦਯੋਗਾਂ ਦਾ ਸਵਾਗਤ ਕੀਤਾ।