ਚੰਡੀਗੜ੍ਹ। ਪੰਜਾਬ ਸਰਕਾਰ ਨੇ ਮਿਕੋਰਮਾਇਕੋਸਿਸ ਯਾਨੀ ਬਲੈਕ ਫੰਗਸ ਦੇ ਇਲਾਜ ਅਤੇ ਪਛਾਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਸਰਕਾਰ ਪਹਿਲਾਂ ਹੀ ਬਲੈਕ ਫੰਗਸ ਨੂੰ ਇੱਕ ਨੋਟੀਫਾਈਡ ਬਿਮਾਰੀ ਐਲਾਨ ਚੁੱਕੀ ਹੈ।
ਇਹ ਹੈ ਬਲੈਕ ਫੰਗਸ ਦੀ ਪਛਾਣ
ਸਿਹਤ ਮੰਤਰੀ ਨੇ ਕਿਹਾ ਕਿ ਬਲੈਕ ਫੰਗਸ, ਇੱਕ ਗੰਭੀਰ ਫੰਗਲ ਇਨਫੈਕਸ਼ਨ ਹੈ ਜੋ ਨੱਕ, ਸਾਈਨਸ, ਅੱਖਾਂ ਅਤੇ ਕੁਝ ਮਾਮਲਿਆਂ ਵਿੱਚ ਵਿਅਕਤੀ ਦੇ ਦਿਮਾਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ।
ਪੰਜਾਬ ਸਰਕਾਰ ਨੇ ਮਿਕੋਰਮਾਈਕੋਸਿਸ ਤੋਂ ਨਿਜਾਤ ਪਾਉਣ ਅਤੇ ਪ੍ਰਬੰਧਨ ਲਈ ਮਾਹਰ ਸਮੂਹ ਦੀ ਸਲਾਹ ‘ਤੇ ਇਸ ਬਿਮਾਰੀ (ਬਲੈਕ ਫੰਗਸ) ਦੀ ਪਛਾਣ, ਇਲਾਜ ਅਤੇ ਸੁਚੱਜੇ ਪ੍ਰਬੰਧਨ ਦੀ ਸਿਫਾਰਸ਼ ਕੀਤੀ ਹੈ।
ਆਡਿਟ ਕਮੇਟੀ ਰੱਖੇਗੀ ਕੇਸਾਂ ‘ਤੇ ਨਜ਼ਰ
ਬਲਬੀਰ ਸਿੱਧੂ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜਾਂ ਅਤੇ ਸਿਵਲ ਸਰਜਨ ਦਫਤਰਾਂ ਵਿੱਚ “ਮਿਕੋਰਮਾਈਕੋਸਿਸ ਆਡਿਟ ਕਮੇਟੀ” ਬਣਾਉਣ ਦੀ ਸਿਫਾਰਸ਼ ਨੂੰ ਪਾਸ ਕਰ ਦਿੱਤਾ ਗਿਆ ਹੈ ਅਤੇ ਇਹ ਕਮੇਟੀ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਤੋਂ ਮਿਕੋਰਮਾਈਕੋਸਿਸ ਦੇ ਪੁਸ਼ਟੀ ਕੀਤੇ ਕੇਸਾਂ ਦੇ ਅੰਕੜਿਆਂ ਨੂੰ ਇਕੱਤਰ ਕਰਨ ਲਈ ਜਿੰਮੇਵਾਰ ਹੋਵੇਗੀ।
ਉਨ੍ਹਾਂ ਕਿਹਾ ਕਿ ਇਹ ਕਮੇਟੀ ਹਰ ਕੇਸ ਦੇ ਨਤੀਜੇ ਐਸ 3 ਪੋਰਟਲ ‘ਤੇ ਵੀ ਦਰਜ ਕਰੇਗੀ। ਇਲਾਜ ਸਬੰਧੀ ਦਵਾਈਆਂ ਸਰਕਾਰੀ ਮੈਡੀਕਲ ਕਾਲਜ ਅਤੇ ਸਿਵਲ ਸਰਜਨ ਦਫਤਰਾਂ ਨੂੰ ਜਾਰੀ ਕੀਤੀਆਂ ਜਾਣਗੀਆਂ, ਤਾਂ ਜੋ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਉਪਲਬਧ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਤਰਜੀਹ ਮਰੀਜ਼ ਦੀ ਕਲੀਨਿਕਲ ਸਥਿਤੀ ਦੇ ਅਨੁਸਾਰ ਇਲਾਜ ਕਰਨ ਵਾਲੇ ਹਸਪਤਾਲ/ਇਲਾਜ ਕਰਨ ਵਾਲੇ ਡਾਕਟਰ ਵਲੋਂ ਤੈਅ ਕੀਤੀ ਜਾਏਗੀ।
ਇਲਾਜ ਲਈ ਜ਼ਰੂਰੀ ਗਾਈਡਲਾਈਨਸ
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਜੇ ਮਰੀਜ਼ ਦੀ ਜਾਨ ਨੂੰ ਕੋਈ ਤੁਰੰਤ ਜੋਖਮ ਨਹੀਂ ਹੰੁਦਾ ਤਾਂ ਮਿਕੋਰਮਾਈਕੋਸਿਸ ਦੇ ਮਰੀਜ਼ ਨੂੰ ਸਰਜਰੀ ਲਈ ਨਹੀਂ ਲਿਜਾਇਆ ਜਾਣਾ ਚਾਹੀਦਾ, ਜੇ ਉਹ ਕੋਵਿਡ ਪਾਜ਼ੀਟਿਵ/ ਹਾਈਪੌਕਸਿਕ ਹੈ। ਉਹਨਾਂ ਕਿਹਾ ਕਿ ਜੇਕਰ ਹਾਈਪੌਕਸਿਆ ਦਾ ਕੋਈ ਲੱਛਣ ਮਰੀਜ਼ ਵਿੱਚ ਮੌਜੂਦ ਨਹੀਂ ਹੈ ਤਾਂ ਸਟੀਰਾਇਡ ਨਾਲ ਇਲਾਜ ਕਰਨ ਦੀ ਕੋਈ ਸਿਫਾਰਸ਼ ਨਹੀਂ ਹੈ। ਹਾਈਪੌਕਸਿਕ ਮਰੀਜ਼ ਲਈ ਐਮਆਰਆਈ ਸਕੈਨ ਨੂੰ ਵਿਕਲਪਿਕ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਐਮਆਰਆਈ ਅਜਿਹੇ ਮਰੀਜ਼ ਲਈ ਸੁਖਾਵੇਂ ਨਹੀਂ ਹਨ।
ਇਹ ਹੋਣਗੇ ਆਡਿਟ ਕਮੇਟੀ ਦੇ ਮੈਂਬਰ
ਸਿੱਧੂ ਨੇ ਅੱਗੇ ਕਿਹਾ ਕਿ ਇਲਾਜ ਆਡਿਟ ਕਮੇਟੀ ਵਿੱਚ ਹਸਪਤਾਲ ਦੇ ਸਬੰਧਤ ਮੈਡੀਕਲ ਵਿਭਾਗ, ਐਨੇਸਥੀਸੀਆ ਅਤੇ ਈਐਨਟੀ ਦੇ ਮੈਂਬਰ ਸ਼ਾਮਲ ਹੋਣੇ ਚਾਹੀਦੇ ਹਨ, ਜਿਵੇਂ ਕਿ ਸਬੰਧਤ ਸਿਹਤ ਸੰਸਥਾ ਦੇ ਪ੍ਰਿੰਸੀਪਲ / ਐਮਐਸ / ਮੈਨੇਜਮੈਂਟ ਦੁਆਰਾ ਫੈਸਲਾ ਕੀਤਾ ਗਿਆ ਹੋਵੇ।