Home CRIME 2 ਖਾਲਿਸਤਾਨੀ ਕਾਰਕੁੰਨ ਚੜ੍ਹੇ ਪੰਜਾਬ ਪੁਲਿਸ ਦੇ ਹੱਥੇ, ਡੇਰਾ ਪ੍ਰੇਮੀ ਦੇ ਕਤਲ...

2 ਖਾਲਿਸਤਾਨੀ ਕਾਰਕੁੰਨ ਚੜ੍ਹੇ ਪੰਜਾਬ ਪੁਲਿਸ ਦੇ ਹੱਥੇ, ਡੇਰਾ ਪ੍ਰੇਮੀ ਦੇ ਕਤਲ ਕੇਸ ‘ਚ ਸਨ ਸ਼ਾਮਲ

ਚੰਡੀਗੜ੍ਹ। ਪੰਜਾਬ ਪੁਲਿਸ ਨੇ ਅਹਿਮ ਕਾਮਯਾਬੀ ਹਾਸਲ ਕਰਦਿਆਂ ਖਾਲਿਸਤਾਨੀ ਟਾਈਗਰ ਫੋਰਸ ਦੇ 2 ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਇੱਕ ਡੇਰਾ ਪ੍ਰੇਮੀ ਦੇ ਕਤਲ ਅਤੇ ਇੱਕ ਪੁਜਾਰੀ ‘ਤੇ ਗੋਲੀਆਂ ਚਲਾਉਣ ਸਣੇ ਪਿਛਲੇ ਕਰੀਬ ਇੱਕ ਸਾਲ ਦੌਰਾਨ ਹੋਏ ਕਈ ਘਿਨਾਉਣੇ ਅਪਰਾਧਾਂ ਦੇ ਮਾਮਲੇ ‘ਚ ਲੋੜੀਂਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਤਿੰਨ 0.32 ਬੋਰ ਪਿਸਤੌਲਾਂ(ਸਣੇ 38 ਜ਼ਿੰਦਾ ਕਾਰਤੂਸ), ਇੱਕ 0.315 ਬੋਰ ਪਿਸਤੌਲ(ਸਣੇ 10 ਜ਼ਿੰਦਾ ਕਾਰਤੂਸ) ਅਤੇ 2 ਮੈਗਜ਼ੀਨ ਵੀ ਬਰਾਮਦ ਕੀਤੀਆਂ ਹਨ।

ਗ੍ਰਿਫ਼ਤਾਰ ਕੀਤੇ ਦੋਵੇਂ ਖਾਲਿਸਤਾਨੀਆਂ ਦੇ ਨਾੰਅ ਲਵਪ੍ਰੀਤ ਸਿੰਘ ਉਰਫ ਰਵੀ ਅਤੇ ਰਾਮ ਸਿੰਘ ਉਰਫ ਸੋਨੂੰ ਹਨ, ਜਿਹਨਾਂ ਨੂੰ ਸ਼ਨੀਵਾਰ ਦੇਰ ਰਾਤ ਮੋਗਾ ‘ਚ ਰੇਲਵੇ ਕ੍ਰਾਸਿੰਗ ਮਹਿਣਾ ਨੇੜੇ ਸੀਨੀਅਰ ਸੈਕੰਡਰੀ ਸਕੂਲ ਦੇ ਪਿਛਲੇ ਪਾਸਿਓਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਦੋਵੇਂ ਮੁਲਜ਼ਮ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਸਬੰਧੀ ਬਦਲਾ ਲੈਣ ਲਈ ਇੱਕ ਹੋਰ ਡੇਰਾ ਪ੍ਰੇਮੀ ਦੇ ਕਤਲ ਦੀ ਯੋਜਨਾ ਬਣਾ ਰਹੇ ਸਨ, ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ।

ਕੈਨੇਡਾ ‘ਚ ਬੈਠਿਆ ਮਾਸਟਰਮਾਈਂਡ- ਪੁਲਿਸ

ਪੰਜਾਬ ਪੁਿਲਸ ਮੁਤਾਬਕ, ਗ੍ਰਿਫ਼ਤਾਰ ਦੋਵੇਂ ਮੁਲਜ਼ਮ KTF ਦੇ ਕੈਨੇਡਾ ਅਧਾਰਤ ਹਰਦੀਪ ਸਿੰਘ ਨਿੱਜਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਕਾਬਿਲੇਗੌਰ ਹੈ ਕਿ 2018 ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਭਾਰਤ ਦੇ ਦੌਰੇ ‘ਤੇ ਆਏ ਸਨ, ਤਾਂ ਸੀਐੱਮ ਕੈਪਟਨ ਵੱਲੋਂ ਉਹਨਾਂ ਨੂੰ ਸੌੰਪੀ ਗਈ ਖਾਲਿਸਤਾਨ ਸੰਚਾਲਕਾਂ ਦੀ ਸਬਚੀ ‘ਚ ਹਰਦੀਪ ਸਿੰਘ ਨਿੱਜਰ ਦਾ ਨਾੰਅ ਵੀ ਸ਼ਾਮਲ ਸੀ।

‘3 ਸਹਿ-ਸਾਜ਼ਿਸ਼ਕਰਤਾ ਕੈਨੇਡਾ ‘ਚ, ਇੱਕ ਫ਼ਰਾਰ’

DGP ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਕਿ ਨਿੱਜਰ ਤੋਂ ਇਲਾਵਾ ਕੇ.ਟੀ.ਐਫ. ਦੇ ਤਿੰਨ ਹੋਰ ਸਹਿ-ਸਾਜ਼ਿਸ਼ਕਰਤਾ/ਮਾਸਟਰਮਾਈਂਡ ਹਨ, ਜਿਨ੍ਹਾਂ ਦੀ ਪਛਾਣ ਅਰਸ਼ਦੀਪ, ਰਮਨਦੀਪ ਅਤੇ ਚਰਨਜੀਤ ਉਰਫ ਰਿੰਕੂ ਬਿਹਲਾ ਵਜੋਂ ਕੀਤੀ ਗਈ ਹੈ, ਇਹ ਸਰੀ (ਬੀਸੀ) ਕਨੇਡਾ ਵਿੱਚ ਛੁਪੇ ਹੋਏ ਹਨ ਜਦਕਿ ਕਮਲਜੀਤ ਸ਼ਰਮਾ ਉਰਫ਼ ਕਮਲ ਹਾਲੇ ਫਰਾਰ ਹੈ। ਗੁਪਤਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਲਵਪ੍ਰੀਤ ਉਰਫ ਰਵੀ ਅਤੇ ਕਮਲਜੀਤ ਸ਼ਰਮਾ ਉਰਫ ਕਮਲ, ਅਰਸ਼ਦੀਪ ਨੂੰ ਜਾਣਦੇ ਸਨ ਕਿਉਂਕਿ ਇਹ ਸਾਰੇ ਬਚਪਨ ਤੋਂ ਹੀ ਇਕੋ ਪਿੰਡ ਨਾਲ ਸਬੰਧਤ ਸਨ। ਰਾਮ ਸਿੰਘ ਉਰਫ ਸੋਨੂੰ, ਕਮਲ ਨੂੰ ਕਾਲਜ ਦੇ ਦਿਨਾਂ ਤੋਂ ਹੀ ਜਾਣਦਾ ਸੀ। ਅਰਸ਼ਦੀਪ ਨੇ ਇਹਨਾਂ ਸਾਰਿਆਂ ਨੂੰ ਪੈਸੇ ਦਿੱਤੇ ਸਨ, ਜੋ ਉਸ ਨੇ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਜ਼ਰੀਏ ਭੇਜੇ ਸਨ।

ਡੀ.ਜੀ.ਪੀ. ਨੇ ਦੱਸਿਆ ਕਿ ਪਿਛਲੇ ਸਾਲ 20 ਨਵੰਬਰ ਨੂੰ ਸੋਨੂੰ ਅਤੇ ਕਮਲ ਨੇ ਜ਼ਿਲ੍ਹਾ ਬਠਿੰਡਾ ਦੇ ਭਗਤਾ ਭਾਈ ਕਾ ਵਿਖੇ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਹੱਤਿਆ ਕੀਤੀ ਸੀ। ਸੋਨੂੰ ਨੇ ਦੋਹਾਂ ਹੱਥਾਂ ਵਿੱਚ ਪਿਸਤੌਲਾਂ ਨਾਲ 3-4 ਗੋਲੀਆਂ ਚਲਾਈਆਂ ਅਤੇ ਕਮਲ ਨੇ ਵੀ ਫਾਇਰ ਕੀਤੇ।

ਪੁਲਿਸ ਮੁਤਾਬਕ, ਇਸ ਸਾਲ 31 ਜਨਵਰੀ ਨੂੰ ਫਿਲੌਰ (ਜਲੰਧਰ ਦਿਹਾਤੀ) ਦੇ ਪਿੰਡ ਭਰ ਸਿੰਘ ਪੁਰਾ ਵਿੱਚ ਇੱਕ ਪੁਜਾਰੀ ਕਮਲਦੀਪ ਸ਼ਰਮਾ ਉੱਤੇ ਗੋਲੀਬਾਰੀ ਵਿੱਚ ਸੋਨੂੰ ਅਤੇ ਕਮਲ ਵੀ ਸ਼ਾਮਲ ਸਨ। ਪੁਜਾਰੀ ਨੂੰ ਤਿੰਨ ਵਾਰ ਗੋਲੀ ਮਾਰੀ ਗਈ ਸੀ, ਜਿਸ ਕਾਰਨ ਹਮਲੇ ਵਿਚ ਇਕ ਲੜਕੀ ਸਮੇਤ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ, ਸ਼ੱਕ ਹੈ ਕਿ ਇਹ ਹਮਲਾ ਨਿੱਜਰ ਦੇ ਨਿਰਦੇਸ਼ਾਂ ‘ਤੇ ਕੀਤਾ ਗਿਆ ਸੀ। ਸਤੰਬਰ 2020 ਵਿਚ, ਨਿੱਜਰ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਇਕ ਅੱਤਵਾਦੀ ਠਹਿਰਾਇਆ ਸੀ ਅਤੇ NIA ਨੇ UAPA ਦੀ ਧਾਰਾ 51 ਏ ਤਹਿਤ ਭਰ ਸਿੰਘ ਪੁਰਾ ਪਿੰਡ ਵਿਚ ਉਸ ਦੀ ਜਾਇਦਾਦ ਜ਼ਬਤ ਕਰ ਲਈ ਸੀ।

ਆਪਣੇ ਸਾਥੀ ਦਾ ਵੀ ਕਰ ਚੁੱਕੇ ਹਨ ਕਤਲ

ਕਮਲ ਅਤੇ ਰਵੀ, ਅਰਸ਼ਦੀਪ (ਜੋ ਉਸ ਸਮੇਂ ਭਾਰਤ ਆਇਆ ਸੀ) ਨਾਲ ਮਿਲ ਕੇ 27 ਜੂਨ, 2020 ਨੂੰ ਆਪਣੇ ਸਾਥੀ ਸੁੱਖਾ ਲਾਂਮਾ ਦੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਨੇ ਪਿੰਡ ਡੱਲਾ ਵਿਖੇ ਇਕ ਉਜਾੜ ਪਏ ਮਕਾਨ ਵਿਚ ਸੁੱਖੇ ਨੂੰ ਜ਼ਹਿਰ ਦਿੱਤਾ ਅਤੇ ਫਿਰ ਉਸ ਦਾ ਮੂੰਹ ਸਾੜਨ ਤੋਂ ਬਾਅਦ ਲਾਸ਼ ਨੂੰ ਪੂਲ ਮਾਧੋਕੇ ਵਿਖੇ ਦੌਧਰ ਨਹਿਰ ਵਿੱਚ ਸੁੱਟ ਦਿੱਤਾ। ਇਸ ਤੋਂ ਪਹਿਲਾਂ 25 ਜੂਨ ਨੂੰ ਰਵੀ, ਕਮਲ ਅਤੇ ਸੁੱਖਾ ਨੇ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪਿੰਡ ਲਾਂਮਾ ਜੱਟ ਪੁਰਾ ਵਿਖੇ ਮਾਨ ਦੀ ਰਿਹਾਇਸ਼ ‘ਤੇ ਫਾਇਰਿੰਗ ਵੀ ਕੀਤੀ ਸੀ।

ਮੋਗਾ ਵਪਾਰੀ ਕਤਲ ਮਾਮਲਾ ਵੀ ਸੁਲਝਿਆ !

ਕੁਝ ਦਿਨਾਂ ਬਾਅਦ, 14 ਜੁਲਾਈ, 2020 ਨੂੰ ਰਵੀ ਅਤੇ ਕਮਲ ਨੇ ਮੋਗਾ ਸ਼ਹਿਰ ਦੇ ਲੋਕਾਂ ਦਾ ਸ਼ੋਸ਼ਣ ਕਰਨ, ਫਿਰੌਤੀ ਲੈਣ ਅਤੇ ਦਹਿਸ਼ਤ ਪੈਦਾ ਕਰਨ ਲਈ ਸੁਪਰ ਸ਼ਾਈਨ ਕਪੜੇ ਦੇ ਸਟੋਰ ਦੇ ਮਾਲਕ ਤੇਜਿੰਦਰ ਉਰਫ਼ ਪਿੰਕਾ ਨੂੰ ਮਾਰ ਦਿੱਤਾ ਸੀ। ਜਾਂਚ ਵਿਚ ਪਤਾ ਲੱਗਾ ਕਿ ਰਵੀ ਨੇ ਪਿੰਕਾ ‘ਤੇ ਫਾਇਰਿੰਗ ਕੀਤੀ ਸੀ ਅਤੇ ਕਮਲ ਦੁਕਾਨ ਦੇ ਬਾਹਰ ਖੜ੍ਹਾ ਸੀ। ਹਾਲ ਹੀ ਵਿੱਚ ਹੋਈ ਘਟਨਾ ਵਿੱਚ, ਇਸ ਸਾਲ 9 ਫਰਵਰੀ ਨੂੰ, ਰਵੀ ਅਤੇ ਸੋਨੂੰ ਨੇ ਸ਼ਰਮਾ ਸਵੀਟਸ, ਮੋਗਾ ਦੇ ਮਾਲਕ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਅੰਤਰਾਰਾਸ਼ਟਰੀ ਵਾਰੰਟ ਜਾਰੀ ਕਰੇਗੀ ਪੰਜਾਬ ਪੁਲਿਸ

ਡੀਜੀਪੀ ਨੇ ਕਿਹਾ ਕਿ ਮੁਲਜ਼ਮਾਂ ਦੇ ਹੋਰ ਸਬੰਧਾਂ ਅਤੇ ਪਹਿਲਾਂ ਕੀਤੇ ਹੋਰ ਅਪਰਾਧਾਂ ਦਾ ਪਤਾ ਲਗਾਉਣ ਸਬੰਧੀ ਜਾਂਚ ਜਾਰੀ ਹੈ। ਫਰਾਰ ਮੁਲਜ਼ਮ ਕਮਲ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਨਿੱਜਰ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਅਤੇ ਕੁਝ ਸਮਾਂ ਪਹਿਲਾਂ ਕੈਨੇਡੀਅਨ ਅਧਿਕਾਰੀਆਂ ਵੱਲੋਂ  “ਨੋ ਫਲਾਈ ਲਿਸਟ” ਵਿੱਚ ਵੀ ਉਸ ਨੂੰ ਸ਼ਾਮਲ ਕਰ ਦਿੱਤਾ ਗਿਆ ਸੀ, ਹੁਣ ਉਸ ਵਿਰੁੱਧ ਅੰਤਰਰਾਸ਼ਟਰੀ ਵਾਰੰਟ ਜਾਰੀ ਕੀਤੇ ਜਾਣਗੇ ਅਤੇ ਕੈਨੇਡਾ ਅਧਾਰਤ ਹੋਰ ਕੱਟੜਪੰਥੀਆਂ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕੀਤੇ ਜਾਣਗੇ। ਗੁਪਤਾ ਨੇ ਕਿਹਾ ਕਿ ਸਰਕਾਰ ਮੁਕੱਦਮਾ ਚਲਾਉਣ ਅਤੇ ਅਪਰਾਧਿਕ ਕਾਰਵਾਈਆਂ ਲਈ ਉਨ੍ਹਾਂ ਨੂੰ ਭਾਰਤ ਭੇਜਣ ਦੀ ਅਪੀਲ ਵੀ ਕਰੇਗੀ।

RELATED ARTICLES

LEAVE A REPLY

Please enter your comment!
Please enter your name here

Most Popular

Recent Comments