ਨਵੀਂ ਦਿੱਲੀ। ਸੈਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ(CBSE) ਦੇ 12ਵੀਂ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਹੁਣ ਜਲਦ ਖ਼ਤਮ ਹੋਣ ਜਾ ਰਿਹਾ ਹੈ। ਹਾਲਾਂਕਿ ਐਤਵਾਰ ਨੂੰ ਹੋਈ ਉੱਚ-ਪੱਧਰੀ ਮੀਟਿੰਗ ਦੌਰਾਨ ਕਿਸੇ ਫ਼ੈਸਲੇ ‘ਤੇ ਮੁਹਰ ਨਹੀਂ ਲੱਗ ਸਕੀ, ਪਰ ਪ੍ਰੀਖਿਆ ਲਗਭਗ ਤੈਅ ਮੰਨੀ ਜਾ ਰਹੀ ਹੈ। ਇਸ ਮੀਟਿੰਗ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਦੱਸਿਆ ਕਿ ਸਾਰੇ ਸੂਬਿਆਂ ਤੋਂ 25 ਮਈ ਤੱਕ ਸੁਝਾਅ ਮੰਗੇ ਗਏ ਹਨ।
ਸਿੱਖਿਆ ਮੰਤਰੀ ਨੇ ਕਿਹਾ, “ਮੈਨੂੰ ਭਰੋਸਾ ਹੈ ਕਿ ਅਸੀਂ 12ਵੀਂ ਦੀ ਪ੍ਰੀਖਿਆ ਬਾਰੇ ਜਲਦ ਹੀ ਫ਼ੈਸਲਾ ਲੈਣ ਦੇ ਹਾਲਾਤ ‘ਚ ਹੋਵਾਂਗੇ। ਇਸ ਫ਼ੈਸਲੇ ਬਾਰੇ ਜਲਦ ਤੋਂ ਜਲਦ ਜਾਣਕਾਰੀ ਦੇ ਕੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਅਨਿਸ਼ਚਿਤਤਾ ਨੂੰ ਦੂਰ ਕਰਾਂਗੇ।” ਉਹਨਾਂ ਨੇ ਦੋਹਰਾਇਆ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਅਤੇ ਭਵਿੱਖ ਦੋਵੇਂ ਹੀ ਸਾਡੇ ਲਈ ਬੇਹੱਦ ਅਹਿਮ ਹਨ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ‘ਚ ਹੋਈ ਇਸ ਬੈਠਕ ‘ਚ ਸੂਬਿਆਂ ਅਤੇ ਕੇਂਦਰ ਸ਼ਾਸਤ ਰਾਜਾਂ ਦੇ ਮੰਤਰੀਆਂ-ਅਧਿਕਾਰੀਆਂ ਤੋਂ ਇਲਾਵਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅਤੇ ਪ੍ਰਕਾਸ਼ ਜਾਵੜੇਕਰ ਵੀ ਮੌਜੂਦ ਸਨ।
ਮੀਟਿੰਗ ‘ਚ 2 ਵਿਕਲਪ ਰੱਖੇ ਗਏ
ਜਾਣਕਾਰੀ ਮੁਤਾਬਕ, ਮੀਟਿੰਗ ‘ਚ ਕੇਂਦਰ ਸਰਕਾਰ ਵੱਲੋਂ ਐਗਜ਼ਾਮ ਲਈ 2 ਵਿਕਲਪ ਰੱਖੇ ਗਏ ਹਨ। ਪਹਿਲੇ ਵਿਕਲਪ ਤਹਿਤ ਸਿਰਫ ਮੇਜਰ ਸਬਜੈਕਟ ਦੀ ਪ੍ਰੀਖਿਆ ਨਿਰਧਾਰਤ ਕੇਂਦਰਾਂ ‘ਤੇ ਕਰਵਾਈ ਜਾ ਸਕਦੀ ਹੈ। ਇਸ ਪ੍ਰੀਖਿਆ ‘ਚ ਮਿਲੇ ਨੰਬਰ ਨੂੰ ਅਧਾਰ ਬਣਾ ਕੇ ਮਾਈਨਰ ਸਬਜੈਕਟ ‘ਚ ਨੰਬਰ ਦਿੱਤੇ ਜਾ ਸਕਦੇ ਹਨ। ਦੂਜੇ ਵਿਕਲਪ ‘ਚ ਸਾਰੇ ਵਿਸ਼ਿਆਂ ਦੇ ਐਗਜ਼ਾਮ ਲਈ 3 ਘੰਟਿਆਂ ਦੀ ਬਜਾਏ ਡੇਢ ਘੰਟਿਆਂ ਦਾ ਸਮਾਂ ਨਿਰਧਾਰਤ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਸਦੇ ਨਾਲ ਹੀ ਪੇਪਰ ‘ਚ ਸਿਰਫ਼ ਆਬਜੈਕਟਿਵ ਅਤੇ ਛੋਟੇ ਸਵਾਲ ਹੀ ਪੁੱਛਣ ਦੀ ਸਲਾਹ ਦਿੱਤੀ ਗਈ ਹੈ।
ਇੱਕ ਜੂਨ ਨੂੰ ਮੁੜ ਹੋਵੇਗੀ ਬੈਠਕ
ਸਿੱਖਿਆ ਮੰਤਰੀ ਇੱਕ ਜੂਨ ਨੂੰ CBSE ਨਾਲ ਮੁੜ ਬੈਠਕ ਕਰਨਗੇ, ਜਿਸ ਤੋਂ ਬਾਅਦ ਇਮਤਿਹਾਨ ਦੀਆਂ ਤਾਰੀਖਾਂ ਦਾ ਐਲਾਨ ਹੋ ਸਕਦਾ ਹੈ। ਕੁਝ ਮੀ਼ਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ 12ਵੀਂ ਦੀ ਪ੍ਰੀਖਿਆ ਹੋਣੀ ਤੈਅ ਹੈ, ਬੱਸ ਇਸ ਦੀਆਂ ਤਾਰੀਖਾਂ ਅਤੇ ਫਾਰਮੈਟ ਹਾਲੇ ਤੈਅ ਨਹੀਂ ਹੈ।
ਸਿਰਫ਼ 3 ਵਿਸ਼ਿਆਂ ਦੇ ਪੇਪਰ ਕਰਾਉਣ ‘ਤੇ ਵਿਚਾਰ
ਕੋਰੋਨਾ ਦੀ ਦੂਜੀ ਲਹਿਰ ਦੇ ਖ਼ਤਰੇ ਨੂੰ ਵੇਖਦੇ ਹੋਏ CBSE 12ਵੀਂ ਦੇ ਮੁੱਖ ਵਿਸ਼ਿਆਂ ਦੇ ਪੇਪਰ ਲੈਣ ‘ਤੇ ਵਿਚਾਰ ਕਰ ਰਿਹਾ ਹੈ। ਬਾਕੀ ਵਿਸ਼ਿਆਂ ‘ਚ ਮੁੱਖ ਵਿਸ਼ਿਆਂ ‘ਤੇ ਮਿਲੇ ਨੰਬਰਾਂ ਦੇ ਅਧਾਰ ‘ਤੇ ਮਾਰਕਿੰਗ ਦਾ ਫਾਰਮੂਲਾ ਵੀ ਬਣ ਸਕਦਾ ਹੈ।
ਕੋਰੋਨਾ ਕਾਰਨ ਪੇਪਰ ਨਾ ਦਿੱਤਾ, ਤਾਂ ਮਿਲੇਗਾ ਦੂਜਾ ਮੌਕਾ
ਇਹ ਵੀ ਕਿਹਾ ਗਿਆ ਹੈ ਕਿ ਜੋ ਵਿਦਿਆਰਥੀ ਕੋਰੋਨਾ ਦ ਚਲਦੇ ਪੇਪਰ ਨਹੀਂ ਦੇ ਸਕਣਗੇ, ਉਹਨਾਂ ਨੂੰ ਇੱਕ ਹੋਰ ਮੌਕਾ ਮਿਲਣਾ ਚਾਹੀਦਾ ਹੈ। ਇੱਕ ਸੁਝਾਅ ਇਹ ਵੀ ਹੈ ਕਿ ਜਿਹਨਾਂ ਥਾਵਾਂ ‘ਤੇ ਕੋਰੋਨਾ ਨਾਲ ਹਾਲਾਤ ਜ਼ਿਆਦਾ ਖਰਾਬ ਨਹੀਂ ਹਨ, ਉਥੇ ਪਹਿਲੇ ਫੇਜ਼ ‘ਚ ਪ੍ਰੀਖਿਆ ਕਰਵਾਈ ਜਾਵੇ। ਬਾਕੀ ਬਚੇ ਇਲਾਕਿਆਂ ‘ਚ ਦੂਜੇ ਫੇਜ਼ ‘ਚ ਪ੍ਰੀਖਿਆ ਹੋਵੋ। ਦੋਵੇਂ ਫੇਜ਼ ਵਿਚਾਲੇ 14 ਦਿਨਾਂ ਦਾ ਗੈਪ ਹੋਣਾ ਚਾਹੀਦਾ ਹੈ।