October 2, 2022
(Chandigarh)
ਪੰਜਾਬ ਪੁਲਿਸ ਨੇ ਅੰਤਰ-ਰਾਜੀ ਡਰੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫਤਹਿਗੜ ਸਾਹਿਬ ਪੁਲਿਸ ਨੇ ਹਰਿਆਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਕੋਲੋਂ 2.51 ਲੱਖ ਫਾਰਮਾ ਓਪੀਆਡ ਬਰਾਮਦ ਕਰਕੇ ਨਸ਼ੀਲੀਆਂ ਦਵਾਈਆਂ ਬਣਾਉਣ ਵਾਲੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਐਂਟੀ ਗੈਂਗਸਟਰ ਟਾਸਕ ਫੋਸ ਕਮ-ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਮੁਲਜਮ ਦੀ ਪਛਾਣ ਰਣਜੀਤ ਗੋਸਵਾਮੀ ਵਾਸੀ ਬੱਤਰਾ ਕਲੋਨੀ ਸੋਨੀਪਤ, ਹਰਿਆਣਾ ਵਜੋਂ ਹੋਈ ਹੈ। ਪੁਲਿਸ ਨੇ ਉਸਦੀ ‘ਕੀਆ’ ਕਾਰ, ਜਿਸਦੀ ਵਰਤੋਂ ਉਹ ਹਰਿਆਣਾ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਕਰਦਾ ਸੀ, ਵਿੱਚੋਂ ਅਲਪਰਾਜ਼ੋਲਮ ਦੀਆਂ 2,37,000 ਗੋਲੀਆਂ ਅਤੇ ਪੀਵੋਨ ਸਪਾਸ ਦੇ 14,400 ਕੈਪਸੂਲ ਬਰਾਮਦ ਕੀਤੇ ਹਨ ।
ਡੀਆਈਜੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਗੁਪਤ ਇਤਲਾਹ ਦੇ ਆਧਾਰ ’ਤੇ ਸੀਆਈਏ ਸਰਹਿੰਦ ਅਤੇ ਥਾਣਾ ਖਮਾਣੋਂ ਦੀਆਂ ਪੁਲੀਸ ਟੀਮਾਂ ਨੇ ਖਮਾਣੋਂ ਵਿਖੇ ਵਿਸ਼ੇਸ਼ ਚੈਕਿੰਗ ਕੀਤੀ ਅਤੇ ਰਜਿਸਟ੍ਰੇਸ਼ਨ ਨੰਬਰ HR-10-AJ-9791 ਵਾਲੀ ‘Kia’ ਕਾਰ ਨੂੰ ਰੋਕਿਆ, ਜਿਸ ਨੂੰ ਮੁਲਜਮ ਰਣਜੀਤ ਗੋਸਵਾਮੀ ਚਲਾ ਰਿਹਾ ਸੀ। ਉਨਾਂ ਦੱਸਿਆ ਕਿ ਕਾਰ ਦੀ ਚੈਕਿੰਗ ਦੌਰਾਨ ਪੁਲਿਸ ਟੀਮਾਂ ਨੇ ਵੱਡੀ ਮਾਤਰਾ ‘ਚ ਫਾਰਮਾ ਓਪੀਔਡ ਬਰਾਮਦ ਕੀਤੀ ।
ਲੰਮੇ ਸਮੇਂ ਤੋਂ ਕਰ ਰਿਹਾ ਸੀ ਸਪਲਾਈ
ਫਤਹਿਗੜ ਸਾਹਿਬ ਦੇ ਐਸਐਸਪੀ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗਿ੍ਰਫਤਾਰ ਕੀਤਾ ਮੁਲਜਮ ਦਿੱਲੀ ਅਤੇ ਅੰਮਿ੍ਰਤਸਰ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਹੈ। ਉਨਾਂ ਦੱਸਿਆ ਕਿ ਦੋਸ਼ੀ ਨੇ ਕਬੂਲਿਆ ਹੈ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਫਾਰਮਾ ਓਪੀਔਡ ਦੀ ਸਪਲਾਈ ਕਰ ਰਿਹਾ ਹੈ ਅਤੇ ਉਸਦੇ ਜ਼ਿਆਦਾਤਰ ਗਾਹਕ ਮੋਗਾ ਅਤੇ ਲੁਧਿਆਣਾ ਵਿੱਚ ਹਨ।
ਪੁਲੀਸ ਨੇ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
3 ਮਹੀਨਿਆਂ ‘ਚ ਤੀਜੇ ਰੈਕੇਟ ਦਾ ਪਰਦਾਫਾਸ਼
ਇਹ ਤੀਜਾ ਅਜਿਹਾ ਅੰਤਰ-ਰਾਜੀ ਫਾਰਮਾਸਿਊਟੀਕਲ ਡਰੱਗ ਰੈਕੇਟ ਹੈ ,ਜਿਸ ਦਾ ਫਤਹਿਗੜ ਸਾਹਿਬ ਜਿਲਾ ਪੁਲਿਸ ਵੱਲੋਂ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਪਰਦਾਫਾਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਫਤਿਹਗੜ ਸਾਹਿਬ ਪੁਲਿਸ ਨੇ 14 ਜੁਲਾਈ, 2022 ਨੂੰ ਫਾਰਮਾ ਓਪੀਆਡਜ ਦੀਆਂ 7 ਲੱਖ ਗੋਲੀਆਂ/ਕੈਪਸੂਲ ਦੀ ਖੇਪ ਬਰਾਮਦ ਕੀਤੀ ਸੀ, ਜਦਕਿ 4 ਸਤੰਬਰ, 2022 ਨੂੰ ਫਾਰਮਾ ਓਪੀਆਡਜ ਦੀਆਂ 1.17 ਲੱਖ ਗੋਲੀਆਂ/ਕੈਪਸੂਲ ਬਰਾਮਦ ਕੀਤੇ ਗਏ ਸਨ।