ਚੰਡੀਗੜ੍ਹ। ਜੰਮੂ ਦੇ ਏਅਰਫੋਰਸ ਸਟੇਸ਼ਨ ‘ਤੇ ਡਰੋਨ ਨਾਲ ਹੋਏ ਅਟੈਕ ਤੋਂ ਬਾਅਦ ਪੰਜਾਬ ਪੁਲਿਸ ਵੀ ਹਰਕਤ ‘ਚ ਹੈ। DGP ਦਿਨਕਰ ਗੁਪਤਾ ਨੇ ਸੋਮਵਾਰ ਨੂੰ BSF ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਹਾਈ ਲੈਵਲ ਮੀਟਿੰਗ ਕੀਤੀ ਅਤੇ ਡਰੋਨ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਰਣਨੀਤੀ ਉਲੀਕੀ।
ਡਰੋਨ ‘ਤੇ ਨਜ਼ਰ ਰੱਖਣ ਦੇ ਨਿਰਦੇਸ਼
DGP ਨੇ ਅਧਿਕਾਰੀਆਂ ਨੂੰ ਡਰੋਨ ਸਬੰਧੀ ਗਤੀਵਿਧੀਆਂ ਵਾਲੇ ਇਲਾਕਿਆਂ ਵਿੱਚ ਪਿਛਲੇ 2 ਸਾਲਾਂ ਦੇ ਅੰਕੜਿਆਂ ਦੀ ਵਰਤੋਂ ਕਰਕੇ ਸੰਵੇਦਨਸ਼ੀਲ ਖੇਤਰਾਂ ਨੂੰ ਸੀਮਿਤ ਕਰਨ ਅਤੇ ਇਹਨਾਂ ਦੀ ਨਿਸ਼ਾਨਦੇਹੀ ਕਰਨ ਲਈ ਨਿਰਦੇਸ਼ ਦਿੱਤੇ।
ਸਰਹੱਦੀ ਪਿੰਡਾਂ ‘ਚ ਲੱਗਣਗੇ CCTV
ਸਰਹੱਦੀ ਪਿੰਡਾਂ ਦੀਆਂ ਸੜਕਾਂ ‘ਤੇ CCTV ਕੈਮਰੇ ਲਗਾਉਣ ਦੀ ਤਜਵੀਜ਼ ਪੇਸ਼ ਕਰਦਿਆਂ, DGP ਦਿਨਕਰ ਗੁਪਤਾ ਨੇ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਇਲਾਕਿਆਂ/ਸੜਕਾਂ ‘ਤੇ ਕੈਮਰੇ ਲਗਾਉਣ ਵਾਲੇ ਸੰਭਾਵਤ ਪੁਆਇੰਟਾਂ ਦੀ ਸੂਚੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ।
ਇਸ ਮੀਟਿੰਗ ਦੌਰਾਨ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਿੱਚ ADGP ਇੰਟਰਨਲ ਸਕਿਓਰਿਟੀ ਆਰ.ਐਨ. ਢੋਕੇ, ADGP STF ਬੀ. ਚੰਦਰਸ਼ੇਖਰ ਅਤੇ IG ਬਾਰਡਰ ਰੇਂਜ ਐਸਪੀਐਸ ਪਰਮਾਰ ਸ਼ਾਮਲ ਸਨ, ਜਦਕਿ IG BSF ਮਹੀਪਾਲ ਯਾਦਵ ਅਤੇ ਪੰਜਾਬ ਦੇ ਵੱਖ-ਵੱਖ BSF ਸੈਕਟਰਾਂ ਦੇ DIG ਵੀ ਮੌਜੂਦ ਸਨ। ਇਸ ਤੋਂ ਇਲਾਵਾ ਮੀਟਿੰਗ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ, SSP ਮਜੀਠਾ ਗੁਲਨੀਤ ਸਿੰਘ ਅਤੇ SSP ਤਰਨ ਤਾਰਨ ਧਰੁਮਨ ਨਿੰਬਲੇ ਵੀ ਸ਼ਾਮਲ ਸਨ।
ਜੰਮੂ ‘ਚ ਕੀ ਹੋਇਆ ਸੀ?
ਕਾਬਿਲੇਗੌਰ ਹੈ ਕਿ ਸ਼ਨੀਵਾਰ ਅੱਧੀ ਰਾਤ ਨੂੰ ਜੰਮੂ-ਕਸ਼ਮੀਰ ਦੇ ਏਅਰਫੋਰਸ ਸਟੇਸ਼ਨ ‘ਚ 5 ਮਿੰਟਾਂ ਅੰਦਰ 2 ਧਮਾਕੇ ਹੋਏ ਸਨ। ਡਰੋਨ ਜ਼ਰੀਏ ਏਅਰਬੇਸ ‘ਤੇ IED ਸੁੱਟਿਆ ਗਿਆ। ਹਾਲਾਂਕਿ ਇਸ ‘ਚ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਫਿਲਹਾਲ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।