Home Election ਕੈਪਟਨ ਤੋਂ ਪਹਿਲਾਂ ਸਿੱਧੂ ਨੂੰ ਹਾਈਕਮਾਂਡ ਦਾ ਸੱਦਾ, ਅੱਜ ਰਾਹੁਲ ਗਾਂਧੀ ਨਾਲ...

ਕੈਪਟਨ ਤੋਂ ਪਹਿਲਾਂ ਸਿੱਧੂ ਨੂੰ ਹਾਈਕਮਾਂਡ ਦਾ ਸੱਦਾ, ਅੱਜ ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ

ਬਿਓਰੋ। ਪੰਜਾਬ ਕਾਂਗਰਸ ‘ਚ ਜਾਰੀ ਘਮਸਾਣ ਵਿਚਾਲੇ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ‘ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਸਿੱਧੂ ਦੀ ਪ੍ਰਿਅੰਕਾ ਗਾਂਧੀ ਨਾਲ ਵੀ ਮੁਲਾਕਾਤ ਸੰਭਵ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਸਿੱਧੂ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਇਕੱਠੇ ਮਿਲਣਗੇ ਜਾਂ ਫਿਰ ਵੱਖੋ-ਵੱਖਰੇ। ਸੂਤਰ ਦੱਸਦੇ ਹਨ ਕਿ ਸਿੱਧੂ ਨਾਲ ਗੱਲ ਕਰਨ ਤੋਂ ਬਾਅਦ ਰਾਹੁਲ ਗਾਂਧੀ, ਕੈਪਟਨ ਨਾਲ ਵੀ ਮੁਲਾਕਾਤ ਕਰ ਸਕਦੇ ਹਨ।

ਕੈਪਟਨ ‘ਤੇ ਹਮਲਾਵਰ ਹਨ ਸਿੱਧੂ

ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਗਠਿਤ SIT ਦੀ ਰਿਪੋਰਟ ਖਾਰਜ ਹੋਣ ਦੇ ਬਾਅਦ ਤੋਂ ਹੀ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ‘ਤੇ ਖਾਸੇ ਸਰਗਰਮ ਹਨ। ਸਿੱਧੂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲੇ ਬੋਲ ਰਹੇ ਹਨ। ਸਿੱਧੂ ਦੇ ਅੱਗੇ ਆਉਣ ਤੋਂ ਬਾਅਦ ਕਾਂਗਰਸ ਦੇ ਬਾਕੀ ਮੰਤਰੀ ਅਤੇ ਵਿਧਾਇਕ ਵੀ ਸੀਐੱਮ ਖਿਲਾਫ਼ ਅਵਾਜ਼ ਚੁੱਕਣ ਲੱਗੇ ਹਨ, ਜਿਸਦੇ ਬਾਅਦ ਤੋਂ ਹੀ ਕਾਂਗਰਸ ‘ਚ ਆਪਸੀ ਕਲੇਸ਼ ਸਿਖਰਾਂ ‘ਤੇ ਹੈ।

ਕੀ ਚਾਹੁੰਦੇ ਹਨ ਨਵਜੋਤ ਸਿੱਧੂ ?

ਦਰਅਸਲ, ਪਿਛਲੇ ਕੁਝ ਮਹੀਨਿਆਂ ਤੋਂ ਇਹ ਚਰਚਾ ਚੱਲ ਰਹੀ ਹੈ ਕਿ ਸਿੱਧੂ, ਸਰਕਾਰ ‘ਚ ਉਪ ਮੁੱਖ ਮੰਤਰੀ ਦਾਂ ਫਿਰ ਸੰਗਠਨ ‘ਚ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਭੂਮਿਕਾ ਚਾਹੁੰਦੇ ਹਨ। ਹਾਲਾਂਕਿ ਸਿੱਧੂ ਵੱਲੋਂ ਵਾਰ-ਵਾਰ ਇਹ ਕਿਹਾ ਜਾਂਦਾ ਰਿਹਾ ਹੈ ਕਿ ਉਹ ਅਹੁਦੇ ਲਈ ਨਹੀਂ, ਬਲਕਿ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦੇ ਹਨ।

ਕੈਪਟਨ ਵੀ ਸਿੱਧੂ ਖਿਲਾਫ਼ ਡਟੇ

ਸੂਤਰਾਂ ਦੀ ਮੰਨੀਏਂ, ਤਾਂ ਜਦੋਂ ਸੀਐੱਮ ਕੈਪਟਨ 22 ਜੂਨ ਨੂੰ ਕੇਂਦਰੀ ਲੀਡਰਸ਼ਿਪ ਵੱਲੋਂ ਬਣਾਈ ਗਈ ਸੁਲ੍ਹਾ ਕਮੇਟੀ ਦੇ ਸਾਹਮਣੇ ਪੇਸ਼ ਹੋਏ, ਤਾਂ ਉਹਨਾਂ ਨੇ ਸਾਫ ਕਹਿ ਦਿੱਤਾ ਸੀ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਹੱਕ ‘ਚ ਨਹੀਂ ਹਨ। ਇਸਦੇ ਨਾਲ ਹੀ ਉਹ ਸਿੱਧੂ ਨੂੰ ਡਿਪਟੀ ਸੀਐੱਮ ਦਾ ਅਹੁਦਾ ਦੇ ਕੇ ਸਰਕਾਰ ‘ਚ ਵੀ ਜਗ੍ਹਾ ਨਹੀਂ ਦੇਣਾ ਚਾਹੁੰਦੇ।

ਇੰਨਾ ਹੀ ਨਹੀਂ, ਅਮਰਿੰਦਰ ਸਿੰਘ ਨੇ ਤਾਂ ਸੁਲ੍ਹਾ ਕਮੇਟੀ ਦੇ ਸਾਹਮਣੇ ਸਿੱਧੂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ ਅਤੇ ਸਾਫ ਜਤਾ ਦਿੱਤਾ ਹੈ ਕਿ ਉਹ ਸਿੱਧੂ ਨਾਲ ਕਿਸੇ ਵੀ ਤਰ੍ਹਾਂ ਦੇ ਸੁਲ੍ਹਾ ਸਮਝੌਤੇ ਦੇ ਹੱਕ ‘ਚ ਨਹੀਂ ਹਨ। ਕੈਪਟਨ ਇੱਕ ਇੰਟਰਵਿਊ ‘ਚ ਵੀ ਕਹਿ ਚੁੱਕੇ ਹਨ ਕਿ ਸਿੱਧੂ ਲਈ ਉਹਨਾਂ ਦੇ ਦਰਵਾਜ਼ੇ ਬੰਦ ਹਨ।

ਹਾਈਕਮਾਂਡ ਦੇ ਸਾਹਮਣੇ ਵੱਡੀ ਚੁਣੌਤੀ

ਦਿੱਲੀ ‘ਚ ਜਾਰੀ ਮੀਟਿੰਗਾਂ ਦੇ ਦੌਰ ਵਿਚਾਲੇ ਸਿੱਧੂ ਨੇ ਮੀਡੀਆ ‘ਚ ਬਕਾਇਦਾ ਇੰਟਰਵਿਊ ਦੇ ਕੇ ਕੈਪਟਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਸੀਐੱਮ ਵੱਲੋਂ ਦਰਵਾਜ਼ੇ ਬੰਦ ਕੀਤੇ ਜਾਣ ਦੀ ਗੱਲ ਕਹਿਣ ‘ਤੇ ਸਿੱਧੂ ਇਥੋਂ ਤੱਕ ਕਹਿ ਚੁੱਕੇ ਹਨ ਕਿ ਕੈਪਟਨ ਕੌਣ ਹੁੰਦੇ ਹਨ ਉਹਨਾਂ ਲਈ ਦਰਵਾਜ਼ੇ ਬੰਦ ਕਰਨ ਵਾਲੇ। ਬਹਿਰਹਾਲ, ਇਸ ਤਲਖ ਬਿਆਨਬਾਜ਼ੀ ਵਿਚਾਲੇ ਕੈਪਟਨ ਅਤੇ ਸਿੱਧੂ ਨੂੰ ਇੱਕ ਮੰਚ ‘ਤੇ ਲਿਆਉਣਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments