ਚੰਡੀਗੜ੍ਹ। ਪੰਜਾਬ ‘ਚ ਵਿੱਿਦਅਕ ਸੰਸਥਾਨ ਖੋਲ੍ਹੇ ਜਾਣ ਦੀ ਦਿਸ਼ਾ ਵੱਲ ਕਦਮ ਵਧਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ 21 ਜੂਨ ਤੋਂ ਸਮੂਹ ਸਕੂਲਾਂ ਅਤੇ ਕਾਲਜਾਂ ਦੇ 18-45 ਉਮਰ ਵਰਗ ਦੇ ਅਧਿਆਪਕਾਂ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦਾ ਟੀਕਾਕਰਨ ਸ਼ੁਰੂ ਕੀਤਾ ਜਾਵੇ, ਤਾਂ ਜੋ ਸੂਬੇ ਵਿਚਲੀਆਂ ਵਿਦਿਅਕ ਸੰਸਥਾਵਾਂ ਨੂੰ ਸੁਰੱਖਿਅਤ ਢੰਗ ਨਾਲ ਖੋਲ੍ਹਿਆ ਜਾ ਸਕੇ।
ਮੁੱਖ ਮੰਤਰੀ ਨੇ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਸਾਰੇ ਸਹਿ-ਰੋਗਾਂ ਵਾਲੇ, ਦਿਵਿਆਂਗ ਵਿਅਕਤੀਆਂ ਅਤੇ ਸਰਕਾਰੀ ਕਰਮਚਾਰੀਆਂ ਦਾ ਪਹਿਲ ਦੇ ਆਧਾਰ ‘ਤੇ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਨੇ ਕੋਵਿਡ ਸਮੀਖਿਆ ਮੀਟਿੰਗ ਵਿਚ ਕਿਹਾ ਕਿ ਪ੍ਰਾਹੁਣਚਾਰੀ ਉਦਯੋਗ, ਪਾਰਲਰ ਅਤੇ ਦੁਕਾਨਾਂ, ਰੈਸਟੋਰੈਂਟ, ਜਿੰਮ ਸਮੇਤ ਸਰਵਿਸ ਆਉਟਲੈਟਾਂ ਆਦਿ ਦੇ ਸਟਾਫ਼ ਨੂੰ ਵੀ ਜਲਦੀ ਟੀਕਾ ਲਗਾਇਆ ਜਾਵੇ।
From June 21, Punjab to begin #vaccination of teachers, non-teaching staff & students in 18-45 age group from all schools and colleges, announces @capt_amarinder. Also orders early vaccination of judges, lawyers, staff in hospitality industry, parlours, service outlets, gyms etc pic.twitter.com/f7w7XK0Spj
— Raveen Thukral (@RT_MediaAdvPbCM) June 15, 2021
ਮੁੱਖ ਮੰਤਰੀ ਨੇ ਕਿਹਾ ਕਿ ਨਿਆਂਇਕ ਅਧਿਕਾਰੀਆਂ ਅਤੇ ਵਕੀਲਾਂ ਨੂੰ ਵੀ ਟੀਕਾਕਰਨ ਲਈ ਪਹਿਲ ਦਿੱਤੀ ਜਾਵੇ, ਤਾਂ ਜੋ ਆਮ ਅਦਾਲਤੀ ਕੰਮਕਾਜ ਸੁਰੱਖਿਅਤ ਢੰਗ ਨਾਲ ਮੁੜ ਤੋਂ ਸੁਰੂ ਹੋ ਸਕੇ। ਉਨ੍ਹਾਂ ਸਿਹਤ ਵਿਭਾਗ ਨੂੰ ਟੀਕਾਕਰਨ ਲਈ ਬੱਚੇ ਨੂੰ ਦੁੱਧ ਪਿਆਉਣ ਵਾਲੀਆਂ ਮਾਵਾਂ, ਜਿਨ੍ਹਾਂ ਨੂੰ ਟੀਕਾਕਰਨ ਲਈ ਯੋਗ ਦਰਸਾਇਆ ਗਿਆ ਹੈ, ਤੱਕ ਸਰਗਰਮੀ ਨਾਲ ਪਹੁੰਚ ਕਰਨ ਲਈ ਕਿਹਾ। ਟੀਕਾਕਰਨ ਕਰਵਾਉਣ ਵਿੱਚ ਮਰਦਾਂ ਅਤੇ ਔਰਤਾਂ ਦਰਮਿਆਨ ਪਾੜੇ ‘ਤੇ ਚਿੰਤਾ ਜ਼ਾਹਰ ਕਰਦਿਆਂ ਸਿਹਤ ਮਾਹਿਰਾਂ ਨੂੰ ਕਾਰਨਾਂ ਦੀ ਪਛਾਣ ਕਰਨ ਅਤੇ ਸਥਿਤੀ ਨੂੰ ਸੁਧਾਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਜਿਨ੍ਹਾਂ ਸ਼ਹਿਰਾਂ/ਕਸਬਿਆਂ/ਦਿਹਾਤੀ ਖੇਤਰਾਂ ਵਿੱਚ ਪਾਜ਼ਿਟਿਵਟੀ/ਮੌਤ ਦਰ ਜ਼ਿਆਦਾ ਪਾਈ ਗਈ ਹੈ ਉੱਥੇ ਵਾਰਡ-ਵਾਰ ਅਤੇ ਪਿੰਡ-ਵਾਰ ਮੁਹਿੰਮਾਂ ਚਲਾਈਆਂ ਜਾਣ ਤਾਂ ਜੋ ਇਨ੍ਹਾਂ ਖੇਤਰਾਂ ਵਿੱਚ ਟੀਕਾਕਰਨ ਨੂੰ ਤਰਜੀਹ ਦਿੱਤੀ ਜਾ ਸਕੇ।
ਇਹ ਦੱਸਦਿਆਂ ਕਿ ਪੰਜਾਬ ਦੇਸ਼ ਦਾ ਸ਼ਾਇਦ ਇਕਲੌਤਾ ਸੂਬਾ ਹੈ ਜਿਸ ਨੇ 18-45 ਉਮਰ ਵਰਗ ਲਈ ਇੱਕ ਟੀਕਾਕਰਨ ਰਣਨੀਤੀ ਬਣਾਈ ਹੈ ਜਿਸ ਵਿੱਚ ਗਰੀਬਾਂ ਅਤੇ ਲੋੜਵੰਦਾਂ ਨੂੰ ਪਹਿਲ ਦਿੱਤੀ ਗਈ ਹੈ, ਮੁੱਖ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਵੱਲੋਂ ਕਰੀਬ 1 ਲੱਖ ਸਹਿ-ਰੋਗਾਂ ਵਾਲੇ ਨੌਜਵਾਨਾਂ, 3.5 ਲੱਖ ਨੌਜਵਾਨ ਉਸਾਰੀ ਕਾਮਿਆਂ ਅਤੇ ਹੋਰ ਕਾਮਿਆਂ ਦਾ ਮੁਫਤ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਸੰਭਾਲ ਕਰਮਚਾਰੀਆਂ ਦੇ 70,000 ਤੋਂ ਵੱਧ ਨੌਜਵਾਨ ਪਰਿਵਾਰਕ ਮੈਂਬਰਾਂ ਨੂੰ ਟੀਕਾਕਰਨ ਲਈ ਪਹਿਲ ਦਿੱਤੀ ਗਈ ਹੈ, ਜਦੋਂ ਕਿ ਰੇਹੜੀ-ਫੜ੍ਹੀ ਵਾਲਿਆਂ, ਬੱਸ ਡਰਾਈਵਰਾਂ, ਦੁਕਾਨਦਾਰਾਂ ਅਤੇ ਹੋਰ ਲੋੜਵੰਦ ਸ਼੍ਰੇਣੀਆਂ ਨੂੰ ਸੂਬਾ ਸਰਕਾਰ ਵੱਲੋਂ ਟੀਕਾ ਲਗਾਇਆ ਜਾ ਰਿਹਾ ਹੈ।