ਬਿਓਰੋ। ਪਾਕਿਸਤਾਨ ‘ਚ ਵੱਸਦੇ ਮਸ਼ਹੂਰ ਪੰਜਾਬੀ ਲੋਕ ਗਾਇਕ ਸ਼ੌਕਤ ਅਲੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਲਾਹੌਰ ਦੇ ਕੰਬਾਇਨਡ ਮਿਲਟਰੀ ਹਸਪਤਾਲ ‘ਚ ਜ਼ੇਰੇ ਇਲਾਜ ਸਨ। ਕੁਝ ਸਾਲ ਪਹਿਲਾਂ ਉਹਨਾਂ ਦੀ ਬਾਈਪਾਸ ਸਰਜਰੀ ਵੀ ਹੋਈ ਸੀ।
ਦੱਸ ਦਈਏ ਕਿ ਦੇਸ਼ ਵਿਦੇਸ਼ ‘ਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਸ਼ੌਕਤ ਅਲੀ ਨੇ ਸਾਲ 1960 ‘ਚ ਗਾਇਕੀ ਦੀ ਸ਼ੁਰੂਆਤ ਕੀਤੀ ਸੀ। 6 ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਉਹਨਾਂ ਨੇ ਦੁਨੀਆ ਭਰ ‘ਚ ਵੱਸਦੇ ਲੋਕਾਂ ਦੇ ਦਿਲਾਂ ‘ਤੇ ਰਾਜ਼ ਕੀਤਾ। ਅੱਜ ਬੇਸ਼ੱਕ ਉਹ ਦੁਨੀਆ ‘ਚ ਨਹੀਂ, ਪਰ ਉਹਨਾਂ ਦੇ ਗਾਏ ਗੀਤ ਹਮੇਸ਼ਾ ਉਹਨਾਂ ਨੂੰ ਅਮਰ ਰੱਖਣਗੇ। ਲਹਿੰਦੇ ਪੰਜਾਬ ਦੇ ਨਾਲ-ਨਾਲ ਚੜ੍ਹਦੇ ਪੰਜਾਬ ‘ਚ ਉਹਨਾਂ ਦੇ ਫੈਨਜ਼ ਵੱਡੀ ਗਿਣਤੀ ‘ਚ ਸ਼ੁਮਾਰ ਹਨ। ਸ਼ੌਕਤ ਅਲੀ ਦਾ ਸਭ ਤੋਂ ਮਸ਼ਹੂਰ ਗੀਤ ‘ਕਦੇ ਤੇ ਹੱਸ ਬੋਲ ਵੇ’ ਸਾਲ 2009 ‘ਚ ਫ਼ਿਲਮ ‘ਲਵ ਆਜ ਕਲ ‘ਚ ਵਰਤਿਆ ਗਿਆ ਸੀ।
ਦੱਸਣਯੋਗ ਹੈ ਕਿ ਸ਼ੌਕਤ ਅਲੀ ਨੂੰ ਸਾਲ 1976 ‘ਚ ‘ਵਾਇਸ ਆਫ ਪੰਜਾਬ’ ਦੇ ਐਵਾਰਡ ਨਾਲ ਸਨਮਾਨਿਆ ਗਿਆ ਸੀ। ਜੁਲਾਈ 2013 ‘ਚ ਉਨ੍ਹਾਂ ਨੂੰ ‘ਪ੍ਰਾਇਡ ਆਫ ਪੰਜਾਬ’ ਦਾ ਐਵਾਰਡ ਮਿਲਿਆ। ਸ਼ੌਕਤ ਅਲੀ ਨੇ ਸਾਲ 1982 ‘ਚ ਨਵੀਂ ਦਿੱਲੀ ‘ਚ ਹੋਈਆਂ ਏਸ਼ੀਅਨ ਖੇਡਾਂ ‘ਚ ਲਾਈਵ ਪਰਫਾਰਮੈਂਸ ਦਿੱਤੀ ਸੀ। ਸਾਲ 1990 ‘ਚ ਉਨ੍ਹਾਂ ਨੂੰ ਸਰਵਉੱਚ ਪਾਕਿਸਤਾਨੀ ਨਾਗਰਿਕ ਰਾਸ਼ਟਰਪਤੀ ਐਵਾਰਡ ‘ਪ੍ਰਾਈਡ ਆਫ ਪਰਫਾਰਮੈਂਸ’ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਤਿੰਨੋਂ ਪੁੱਤਰ ਇਮਰਾਨ ਸ਼ੌਕਤ ਅਲੀ, ਅਮੀਰ ਸ਼ੌਕਤ ਅਲੀ ਅਤੇ ਮੋਹਸਿਨ ਸ਼ੌਕਤ ਅਲੀ ਵੀ ਨਾਮੀ ਗਾਇਕ ਹਨ।