ਅੰਮ੍ਰਿਤਸਰ। ਮਹਾਂਰਾਸ਼ਟਰ ਦੇ ਨਾਂਦੇੜ ‘ਚ ਹੋਲਾ-ਮੁਹੱਲਾ ਦੀ ਇਜਾਜ਼ਤ ਨਾ ਮਿਲਣ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 5 ਮੈਂਬਰੀ ਵਫ਼ਦ ਜਲਦ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰੇਗਾ। ਇਸ ਮੁਲਾਕਾਤ ਦੌਰਾਨ ਮੁਲਜ਼ਮਾਂ ‘ਤੇ ਹੋਏ ਪਰਚ ਰੱਦ ਕਰ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ।
ਮਹਾਂਰਾਸ਼ਟਰ ਸਰਕਾਰ ‘ਤੇ ਚੁੱਕੇ ਸਵਾਲ
SGPC ਦਫ਼ਤਰ ਵੱਲੋਂ ਜਾਰੀ ਪ੍ਰੈੱਸ ਨੋਟ ‘ਚ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਿੰਸਾ ਕਰਨ ਵਾਲੇ ਸਿੱਖ ਨੌਜਵਾਨਾਂ ਦੇ ਗੁੱਸੇ ਨੂੰ ਅਸਿੱਧੇ ਤੌਰ ‘ਤੇ ਜਾਇਜ਼ ਠਹਿਰਾ ਦਿੱਤਾ। ਬੀਬੀ ਜਗੀਰ ਕੌਰ ਵੱਲੋਂ ਕਿਹਾ ਗਿਆ ਕਿ ਹੋਲਾ-ਮਹੱਲਾ ਸਿੱਖ ਕੌਮ ਲਈ ਇਕ ਅਹਿਮ ਦਿਹਾੜਾ ਹੈ, ਜਿਸ ਨੂੰ ਸਿੱਖ ਸੰਗਤਾਂ ਹਰ ਸਾਲ ਖ਼ਾਲਸਈ ਜਾਹੋ-ਜਲਾਲ ਨਾਲ ਮਨਾਉਂਦੀਆਂ ਹਨ। ਅਜਿਹੇ ਮੌਕੇ ਪ੍ਰਸ਼ਾਸਨ ਵੱਲੋਂ ਪ੍ਰਵਾਨਗੀ ਨਾ ਦੇਣ ਕਾਰਨ ਸਿੱਖ ਸੰਗਤਾਂ ਦੇ ਮਨਾਂ ਵਿਚ ਉੱਠੇ ਰੋਸ ਕਾਰਨ ਨਾਂਦੇੜ ਵਿਖੇ ਘਟਨਾ ਵਾਪਰੀ ਹੈ।
ਬੀਬੀ ਜਗੀਰ ਕੌਰ ਨੇ ਦੇਸ਼ ਦੀਆਂ ਸਰਕਾਰਾਂ ‘ਤੇ ਘੱਟਗਿਣਤੀ ਕੌਮਾਂ ਦੇ ਤਿਉਹਾਰਾਂ ਮੌਕੇ ਵਿਤਕਰਾ ਕੀਤੇ ਜਾਣ ਦਾ ਵੀ ਇਲਜ਼ਾਮ ਲਗਾਇਆ। ਉਹਨਾਂ ਮਹਾਰਾਸ਼ਟਰ ਸਰਕਾਰ ਨੂੰ ਸਿੱਖ ਸ਼ਰਧਾਲੂਆਂ ’ਤੇ ਹੋਏ ਪਰਚੇ ਤੁਰੰਤ ਰੱਦ ਕਰਦਿਆਂ ਰਿਹਾਅ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪੰਜ ਮੈਂਬਰੀ ਵਫ਼ਦ ਮਹਾਂਰਾਸ਼ਟਰ ਜਾ ਕੇ ਪੀੜ੍ਹਤਾਂ ਨੂੰ ਇਨਸਾਫ਼ ਦਵਾਏਗਾ।
ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ
SGPC ਪ੍ਰਧਾਨ ਨੇ ਮਹਾਂਰਾਸ਼ਟਰ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕਦਿਆਂ ਕਿਹਾ, “ਪੁਲਿਸ ਵੱਲੋਂ 300 ਦੇ ਕਰੀਬ ਸਿੱਖ ਸ਼ਰਧਾਲੂਆਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਗਏ ਹਨ। ਇਸੇ ਆੜ ਵਿਚ ਨੌਜੁਆਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ। ਗਿਣਤੀ ਪੂਰੀ ਕਰਨ ਲਈ ਪੁਲਿਸ ਵੱਲੋਂ ਬੱਚਿਆਂ ਨੂੰ ਵੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਜੋ ਅਤਿ ਨਿੰਦਣਯੋਗ ਹੈ।”
ਹਿੰਸਾ ‘ਚ 4 ਪੁਲਿਸਕਰਮੀ ਹੋਏ ਹਨ ਜ਼ਖਮੀ
29 ਮਾਰਚ ਨੂੰ ਹੋਲਾ-ਮੁਹੱਲਾ ਮਨਾਉਣ ਲਈ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਵਿਖੇ ਪਹੁੰਚੀ ਸਿੱਖ ਸੰਗਤ ਮਹੱਲਾ ਸਜਾਉਣਾ ਚਾਹੁੰਦੀ ਸੀ, ਪਰ ਮਹਾਂਰਾਸ਼ਟਰ ਸਰਕਾਰ ਵੱਲੋਂ ਇਸਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਗੁਰਦੁਆਰਾ ਪ੍ਰਸ਼ਾਸਨ ਵੱਲੋਂ ਵੀ ਸਾਰੇ ਸਮਾਗਮ ਪਰੀਸਰ ਅੰਦਰ ਹੀ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਪਰ ਜਦੋਂ ਸ਼ਾਮ ਵੇਲੇ ਨਿਸ਼ਾਨ ਸਾਹਿਬ ਨੂੰ ਗੇਟ ਤੱਕ ਲਿਆਂਦਾ ਗਿਆ, ਤਾਂ ਅਚਾਨਕ ਸਿੱਖ ਸੰਗਤ ਭੜਕ ਉਠੀ ਅਤੇ ਗੁਰਦੁਆਰੇ ਦਾ ਗੇਟ ਅਤੇ ਪੁਲਿਸ ਦੀ ਬੈਰੀਕੇਡਿੰਗ ਤੋੜ ਕੇ ਹਿੰਸਕ ਹੋ ਗਈ। ਇਸ ਹਿੰਸਾ ਦੌਰਾਨ 4 ਪੁਲਿਸਕਰਮੀ ਜ਼ਖਮੀ ਹੋਏ ਸਨ। ਨਾਲ ਹੀ ਨਾਂਦੇੜ ਦੇ SP ਸਣੇ ਕਈ ਵਾਹਨਾਂ ਦੀ ਵੀ ਭੰਨਤੋੜ ਕੀਤੀ ਗਈ ਸੀ।