ਅੰਮ੍ਰਿਤਸਰ। ਮੰਗਲਵਾਰ ਦੀ ਸਵੇਰ ਪੰਜਾਬੀ ਇੰਡਸਟਰੀ ਲਈ ਇੱਕ ਹੋਰ ਦੁਖਦ ਖ਼ਬਰ ਲੈ ਕੇ ਆਈ। ਇਹ ਖ਼ਬਰ ਸੀ ਮਸ਼ਹੂਰ ਪੰਜਾਬੀ ਗਾਇਕ ਦਿਲਜਾਨ ਦੀ ਮੌਤ। ਦਿਲਜਾਨ ਤੜਕੇ 2 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਦਿਲਜਾਨ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਪੁਲਿਸ ਮੁਤਾਬਕ, ਦਿਲਜਾਨ ਆਪਣੀ ਕਾਰ ‘ਚ ਦਿੱਲੀ ਤੋਂ ਕਰਤਾਰਪੁਰ ਜਾ ਰਹੇ ਸਨ। ਹਾਦਸੇ ਵੇਲੇ ਦਿਲਜਾਨ ਗੱਡੀ ‘ਚ ਇਕੱਲੇ ਸਨ।
ਜਾਣਕਾਰੀ ਮੁਤਾਬਕ ਦਿਲਜਾਨ ਦੀ ਕਾਰ ਦੀ ਰਫ਼ਤਾਰ ਬੇਹੱਦ ਤੇਜ਼ ਸੀ। ਇਸੇ ਦੇ ਚਲਦੇ ਕਾਰ ਡਿਵਾਈਡਰ ਨੂੰ ਤੋੜਦੇ ਹੋਏ ਕਈ ਪਲਟੀਆਂ ਖਾਂਦੇ ਹੋਏ ਕਰੀਬ ਇੱਕ ਕਿਲੋਮੀਟਰ ਦੂਰ ਜਾ ਕੇ ਰੁਕੀ। ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਸੂਚਨਾ ਮਿਲਦੇ ਹੀ ਕਾਰ ਤੋਂ ਦਿਲਜਾਨ ਨੂੰ ਕੱਢ ਕੇ ਨਿੱਜੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦੱਸਿਆ ਕਿ ਦਿਲਜਾਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਚੁੱਕੇ ਸਨ।
ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੋਗ
ਦਿਲਜਾਨ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ ਪਸਰ ਗਈ ਹੈ। ਹਰ ਕੋਈ ਸੋਸ਼ਲ ਮੀਡੀਆ ‘ਤੇ ਦਿਲਜਾਨ ਨੂੰ ਯਾਦ ਕਰ ਆਪਣਾ ਦੁੱਖ ਜ਼ਾਹਿਰ ਕਰ ਰਿਹਾ ਹੈ।
CM ਕੈਪਟਨ ਨੇ ਵੀ ਜਤਾਇਆ ਦੁੱਖ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰ ਦਿਲਜਾਨ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਟਵੀਟ ‘ਚ ਉਹਨਾਂ ਲਿਖਿਆ, “ਉੱਭਰਦੇ ਪੰਜਾਬ ਗਾਇਕ ਦਿਲਜਾਨ ਦੀ ਸੜਕ ਹਾਦਸੇ ‘ਚ ਹੋਈ ਦੁਖਦਾਈ ਮੌਤ ਬਾਰੇ ਸੁਣ ਕੇ ਸਦਮੇ ‘ਚ ਹਾਂ। ਸੜਕਾਂ ‘ਤੇ ਇਸ ਤਰ੍ਹਾਂ ਨੌਜਵਾਨਾਂ ਨੂੰ ਗਵਾਉਣਾ ਬੇਹੱਦ ਦੁੱਖਦਾਈ ਹੈ। ਪਰਿਵਾਰ, ਦੋਸਤਾਂ ਅਤੇ ਫੈਨਜ਼ ਨਾਲ ਮੇਰੀ ਹਮਦਰਦੀ। ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।”
ਕੌਣ ਸਨ ਦਿਲਜਾਨ ?
ਦਿਲਜਾਨ ਦਾ ਜਨਮ ਜਲੰਧਰ ਨੇੜੇ ਕਰਤਾਰਪੁਰ ‘ਚ ਇੱਕ ਮੱਧਵਰਗੀ ਪਰਿਵਾਰ ‘ਚ ਹੋਇਆ। ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੇ ਦਿਲਜਾਨ ਨੂੰ ਸੰਗੀਤ ਸਿਖਾਇਆ ਸੀ। ਦਿਲਜਾਨ ਰਿਅਲਟੀ ਸ਼ੋਅ ‘ਅਵਾਜ਼ ਪੰਜਾਬ ਦੀ’ ‘ਚ ਵੀ ਹਿੱਸਾ ਲੈ ਚੁੱਕੇ ਸਨ। ਦਿਲਜਾਨ ਨੂੰ ‘ਸੁਰ ਸ਼ੇਤਰ’ ਨਾੰਅ ਦੇ ਰਿਅਲਟੀ ਸ਼ੋਅ ਤੋਂ ਪਛਾਣ ਮਿਲੀ ਸੀ। ਇਸ ਸ਼ੋਅ ‘ਚ ਦਿਲਜਾਨ ਓਵਰਆਲ ਰਨਰਅਪ ਰਹੇ ਸਨ। ਦਿਲਜਾਨ ਦਾ ਨਵਾਂ ਗਾਣਾ 2 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲਾ ਸੀ।