ਬਿਓਰੋ। ਪੰਜਾਬ ‘ਚ ਵਧਦੇ ਕੋਰੋਨਾ ਕੇਸਾਂ ਵਿਚਾਲੇ ਹੁਣ ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਬਿੱਟੂ ਨੇ ਟਵਿਟਰ ‘ਤੇ ਇਸ ਖਬਰ ਦੀ ਪੁਸ਼ਟੀ ਕੀਤੀ।
ਆਪਣੇ ਟਵੀਟ ‘ਚ ਰਵਨੀਤ ਬਿੱਟੂ ਨੇ ਲਿਖਿਆ, “ਜਿਵੇਂ ਕਿ ਮੀਡੀਆ ‘ਚ ਵਿਖਾਇਆ ਜਾ ਰਿਹਾ ਹੈ, ਇਹ ਸੱਚ ਹੈ ਕਿ ਮੈਂ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹਾਂ ਅਤੇ ਮੈਨੂੰ ਕੋਰੋਨਾ ਦੇ ਹਲਕੇ ਲੱਛਣ ਹਨ। ਮਾਣਯੋਗ ਲੋਕ ਸਭਾ ਸਪੀਕਰ ਸਣੇ ਸਾਡੇ ਬਹੁਤ ਸਾਰੇ ਸਾਥੀ ਪਾਜ਼ੀਟਿਵ ਪਾਏ ਗਏ ਗਨ। ਰੱਬ ਦੀ ਮਿਹਰ ਨਾਲ ਮੈਂ ਠੀਕ ਹਾਂ, ਪਰ ਇਹ ਦੂਜੀ ਲਹਿਰ ਬਹੁਤ ਜਲਦੀ ਫੈਲ ਰਹੀ ਹੈ। ਇਸ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜ਼ਰੂਰੀ ਸਾਵਧਾਨੀਆਂ ਵਰਤੋ। ਮੈਂ ਰੱਬ ਨੂਂ ਵੀ ਪ੍ਰਾਰਥਨਾ ਕਰਦਾ ਹਾਂ ਕਿ ਸਾਰੇ ਸੁਰੱਖਿਅਤ ਅਤੇ ਤੰਦਰੁਸਤ ਰਹਿਣ।”
ਰਵਨੀਤ ਬਿੱਟੂ ਦੇ ਕੋਰੋਨਾ ਪਾਜ਼ੀਟਿਵ ਹੋਣ ‘ਤੇ CM ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।
ਕਾਬਿਲੇਗੌਰ ਹੈ ਕਿ ਹਾਲ ਹੀ ‘ਚ ਲੋਕ ਸਭਾ ਦਾ ਬਜਟ ਸੈਸ਼ਨ ਮੁਕੰਮਲ ਹੋਇਆ ਹੈ, ਜਿਸ ਤੋਂ ਬਾਅਦ ਪਹਿਲਾਂ ਲੋਕ ਸਭਾ ਸਪੀਕਰ ਓਮ ਬਿੜਲਾ ਅਤੇ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਡਾ. ਅਮਰ ਸਿੰਘ ਵੀ ਸੰਕ੍ਰਮਿਤ ਹੋ ਚੁੱਕੇ ਹਨ।