ਬਿਓਰੋ। ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁੜ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਲਿਆਂਦਾ ਗਿਆ। ਰਾਮ ਰਹੀਮ ਨੂੰ ਸ਼ੁੱਕਰਵਾਰ ਸਵੇਰੇ ਹੀ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਐਮਰਜੈਂਸੀ ਪੈਰੋਲ ਦਿੱਤੀ ਗਈ ਸੀ ਅਤੇ ਸ਼ਾਮ ਨੂੰ ਹੀ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਵਿਚ ਵਾਪਸ ਲਿਆਂਦਾ ਗਿਆ। ਹਾਲਾਂਕਿ ਪਹਿਲਾਂ ਖ਼ਬਰ ਆਈ ਸੀ ਕਿ ਉਸਨੂੰ 48 ਘੰਟਿਆਂ ਲਈ ਪੈਰੋਲ ਦਿੱਤੀ ਗਈ ਹੈ, ਪਰ ਸ਼ਾਮ ਢਲਦੇ ਹੀ ਉਸਦੇ ਮੁੜ ਜੇਲ੍ਹ ‘ਚ ਵਾਪਸ ਲਿਆਉਣ ਦੀ ਖ਼ਬਰ ਸਾਹਮਣੇ ਆ ਗਈ।
ਪੈਰੋਲ ‘ਤੇ ਹੋਇਆ ਸੀ ਜ਼ਬਰਦਸਤ ਵਿਰੋਧ
ਦਰਅਸਲ, ਰਾਮ ਰਹੀਮ ਨੂੰ ਪੈਰੋਲ ਮਿਲਣ ‘ਤੇ ਸਿੱਖ ਜਗਤ ਵੱਲੋਂ ਭਾਰੀ ਰੋਸ ਜ਼ਾਹਿਰ ਕੀਤਾ ਗਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਪਿੱਛੇ ਰਾਜਨੀਤਿਕ ਸ਼ਾਜਿਸ਼ ਦੱਸਿਆ ਸੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਬੰਦ ਬੰਦੀ ਸਿੰਘਾਂ ਨੂੰ ਕੋਰੋਨਾ ਹੋਇਆ ਸੀ, ਪਰ ਸਰਕਾਰ ਨਾ ਉਨ੍ਹਾਂ ਨੂੰ ਪੈਰੋਲ ਦੇ ਰਹੀ ਹੈ ਅਤੇ ਨਾ ਹੀ ਰਿਹਾਅ ਕਰ ਰਹੀ ਹੈ, ਜਦੋਂ ਕਿ ਡੇਰਾ ਮੁਖੀ ਨੂੰ ਪੈਰੋਲ ਦੇ ਦਿੱਤੀ ਗਈ ਹੈ ਅਤੇ ਇੱਥੇ ਸਰਕਾਰ ਦੋਹਰਾ ਮਾਪਦੰਡ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਰਾਮ ਰਹੀਮ ਨੂੰ ਪੈਰੋਲ ਦੇਣ ਦਾ ਮਤਲਬ ਹੈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ।
ਇੱਕ ਵਾਰ ਪਹਿਲਾਂ ਵੀ ਮਿਲ ਚੁੱਕੀ ਹੈ ਪੈਰੋਲ
ਦੱਸਣਯੋਗ ਹੈ ਕਿ ਮਾਂ ਦੀ ਤਬੀਅਤ ਖਰਾਬ ਹੋਣ ਦੇ ਚਲਦੇ ਰਾਮ ਰਹੀਮ ਨੂੰ ਪਹਿਲਾਂ ਵੀ ਪੈਰੋਲ ਮਿਲ ਚੁੱਕੀ ਹੈ। ਉਸ ਵੇਲੇ ਵੀ ਰਾਮ ਰਹੀਮ ਆਪਣੀ ਮਾਂ ਨੂੰ ਮਿਲਣ ਲਈ ਗੁਰੂਗ੍ਰਾਮ ਦੇ ਹਸਪਤਾਲ ਪਹੁੰਚਿਆ ਸੀ, ਪਰ ਉਸ ਵੇਲੇ ਇਸ ਗੱਲ ਨੂੰ ਜਨਤੱਕ ਨਹੀਂ ਕੀਤਾ ਗਿਆ ਸੀ। ਕਰੀਬ 20 ਦਿਨਾਂ ਬਾਅਦ ਜਦੋਂ ਇਸ ਵਾਕਿਆ ਦੀ ਵੀਡੀਓ ਵਾਇਰਲ ਹੋਈ ਅਤੇ ਸਵਾਲ ਉਠਣ ਲੱਗੇ, ਤਾਂ ਸੁਨਾਰੀਆ ਜੇਲ੍ਹ ਸੁਪਰੀਡੈਂਟ ਨੇ ਕਿਹਾ ਸੀ ਕਿ ਕਿਸੇ ਨੂੰ ਵੀ ਗੁਪਤ ਤਰੀਕੇ ਨਾਲ ਪੈਰੋਲ ਦਿੱਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸੁਰੱਖਿਆ ਕਾਰਨਾਂ ਦੇ ਚਲਦੇ ਅਜਿਹਾ ਕੀਤਾ ਗਿਆ।
2017 ਤੋਂ ਜੇਲ੍ਹ ‘ਚ ਬੰਦ ਹੈ ਰਾਮ ਰਹੀਮ
ਗੁਰਮੀਤ ਰਾਮ ਰਹੀਮ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ‘ਚ ਪੰਚਕੂਲਾ ਦੀ ਅਦਾਲਤ ‘ਚ 25 ਅਗਸਤ, 2017 ਨੂੰ ਦੋਸ਼ੀ ਕਰਾਰ ਦਿੱਤਾ ਸੀ। ਰਾਮ ਰਹੀਮ ਦੀ ਕੋਰਟ ‘ਚ ਪੇਸ਼ੀ ਦੌਰਾਨ ਪੰਚਕੂਲਾ ‘ਚ ਜ਼ਬਰਦਸਤ ਬਵਾਲ ਹੋਇਆ ਸੀ, ਜਿਸ ਤੋਂ ਬਾਅਦ 27 ਅਗਸਤ ਨੂੰ ਇਸ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਹੀ CBI ਅਦਾਲਤ ਲਗਾਈ ਗਈ ਅਤੇ ਰਾਮ ਰਹੀਮ ਨੂੰ ਂ20 ਸਾਲ ਦੀ ਸਜ਼ਾ ਸੁਣਾਈ ਗਈ। ਪੱਤਰਕਾਰ ਕਤਲ ਕਾਂਡ ‘ਚ ਕਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਉਦੋਂ ਤੋਂ ਹੀ ਰਾਮ ਰਹੀਮ ਜੇਲ੍ਹ ‘ਚ ਬੰਦ ਹੈ।