ਜਗਰਾਓਂ। ਬੀਤੇ ਦਿਨੀਂ ਜਗਰਾਓਂ ‘ਚ ਹੋਏ 2 ASI ਦੇ ਕਤਲ ਮਾਮਲੇ ‘ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਲਗਾਤਾਰ ਹੱਥ-ਪੈਰ ਮਾਰ ਰਹੀ ਹੈ। ਇਸੇ ਕੜੀ ‘ਚ ਜਗਰਾਓਂ ਪੁਲਿਸ ਨੇ 6 ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਵੱਖ-ਵੱਖ ਵਾਰਦਾਤਾਂ ‘ਚ ਗੈਂਗਸਟਰਾਂ ਦੀ ਮਦਦ ਕਰਦੇ ਸਨ, ਜਾਂ ਇੰਝ ਕਹਿ ਲਈਏ ਕਿ ਉਹਨਾਂ ਨੂੰ ਹਥਿਆਰਾਂ ਸਣੇ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਂਦੇ ਸਨ। ਪੁਲਿਸ ਮੁਤਾਬਕ, ਇਹ ਮੁਲਜ਼ਮ ਗੈਂਗਸਟਰ ਜੈਪਾਲ ਦੇ ਗਿਰੋਹ ਨੂੰ ਵੀ ਜ਼ਰੂਰੀ ਸਾਮਾਨ ਮੁਹੱਈਆ ਕਰਵਾਉਂਦੇ ਸਨ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਪੁਲਿਸ ਨੇ ਵੱਡੀ ਮਾਤਰਾ ‘ਚ ਨਜਾਇਜ਼ ਅਸਲਾ ਬਰਾਮਦ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ SSP ਲੁਧਿਆਣਾ(ਦਿਹਾਤੀ) ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ 12 ਬੋਰ ਦੀ ਬੰਦੂਕ(ਸਣੇ 20 ਜ਼ਿੰਦਾ ਕਾਰਤੂਸ), ਇੱਕ 12 ਬੋਰ ਪੰਪ ਐਕਸ਼ਨ ਗਨ(ਸਣੇ 16 ਜ਼ਿੰਦਾ ਕਾਰਤੂਸ), ਦਰਜਨਾਂ ਜ਼ਿੰਦਾ ਰੌਂਦ, 30 ਸਪਰਿੰਗ ਫੀਲਡ, ਇੱਕ ਟੈਲੀਸਕੋਪ, 2 ਮੋਬਾਈਲ ਫੋਨ, 26 ਜਾਅਲੀ RC ਅਤੇ ਇੱਕ ਸਵਿਫਟ ਤਾਕ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਸਤਪਾਲ ਕੌਰ, ਜਸਪ੍ਰੀਤ ਸਿੰਘ, ਨਾਨਕ ਚੰਦ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਰਮਨਦੀਪ ਕੌਰ ਦੇ ਰੂਪ ਵਿੱਚ ਹੋਈ ਹੈ।
ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰ ਇਹਨਾਂ ਦਾ 5 ਦਿਨਾਂ ਦਾ ਰਿਮਾਂਡ ਵੀ ਹਾਸਲ ਕਰ ਲਿਆ ਹੈ। ਪੁਲਿਸ ਮੁਤਾਬਕ, ਇਹਨਾਂ ਤੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਇਹਨਾਂ ਦੀ ਮਦਦ ਨਾਲ ਗੈਂਗਸਟਰ ਜੈਪਾਲ ਤੱਕ ਪਹੁੰਚਣ ਦੀ ਵੀ ਉਮੀਦ ਜਤਾ ਰਹੀ ਹੈ।
ਇਹ ਵੀ ਪੜ੍ਹੋ:- ਜਗਰਾਓਂ ‘ਚ ASI ਦੇ ਕਤਲ ਦਾ ਗੈਂਗਸਟਰ ਕੁਨੈਕਸ਼ਨ! ਪੁਲਿਸ ਨੇ 4 ਨੂੰ ਐਲਾਨਿਆ WANTED