ਚੰਡੀਗੜ੍ਹ। ਵਿਧਾਨ ਸਭਾ ਚੋਣਾੰ ਵਿੱਚ ਕਰਾਰੀ ਹਾਰ ਤੋੰ ਬਾਅਦ ਸ਼੍ਰੋਮਣੀ ਅਕਾਲੀ ਦਲ ‘ਚ ਲੀਡਰਸ਼ਿਪ ਨੂੰ ਲੈ ਕੇ ਛਿੜਿਆ ਘਮਸਾਣ ਖਤਮ ਹੁੰਦਾ ਨਜ਼ਰ ਨਹੀੰ ਆ ਰਿਹਾ। ਹੁਣ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਝੂੰਦਾ ਨੇ ਪਾਰਟੀ ਨੂੰ ਬਾਗੀ ਤੇਵਰ ਵਿਖਾਏ ਹਨ।
ਸੰਤ ਹਰਚੰਦ ਸਿੰਘ ਲੌੰਗੋਵਾਲ ਦੀ 37ਵੀੰ ਬਰਸੀ ਮੌਕੇ ਸਟੇਜ ‘ਤੇ ਬੋਲਦਿਆੰ ਇਕਬਾਲ ਝੂੰਦਾ ਨੇ ਕਿਹਾ, “ਅਸੀੰ ਉਹਨਾੰ ਹੱਥਾੰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦਿੱਤਾ, ਜਿਹਨਾੰ ਲੋਕਾੰ ਦਾ ਸੇਵਾ, ਪੰਥ ਅਤੇ ਪੰਜਾਬ ਦੇ ਨਾਲ ਕੋਈ ਵਾਸਤਾ ਨਹੀੰ ਸੀ। ਉਹਨਾੰ ਨੇ ਠੱਗਾੰ, ਚੋਰਾੰ ਤੇ ਲੁਟੇਰਿਆੰ ਦੀਆੰ ਟੀਮਾੰ ਭਰਤੀ ਕਰ ਲਈਆੰ। ਅਕਾਲੀ ਦਲ ਦਾ ਨਵਾੰ ਹੀ ਰੂਪ ਲੋਕਾੰ ਦੇ ਸਾਹਮਣੇ ਪੇਸ਼ ਕਰ ਦਿੱਤਾ, ਜਿਸ ਸਦਕਾ ਅਕਾਲੀ ਦਲ ਦੀ ਅੱਜ ਇਹ ਹਾਲਤ ਹੋਈ ਹੈ।”
ਲੋਕਾੰ ਦੀ ਪਸੰਦ ਦੇ ਚਿਹਰੇ ਲਿਆਓ- ਝੂੰਦਾ
ਅਕਾਲੀ ਦਲ ਅੱਜ ਵੀ ਲੋਕਾੰ ਵਿੱਚ ਮਜਬੂਤ ਹੈ। ਲੋਕਾੰ ‘ਚ ਅਕਾਲੀ ਦਲ ਕਿਤੇ ਵੀ ਕਮਜ਼ੋਰ ਨਹੀੰ ਹੈ। ਤੁਸੀੰ ਚਿਹਰੇ ਉਹ ਲਿਆਓ, ਜਿਹਨਾੰ ਨੂੰ ਲੋਕ ਪਸੰਦ ਕਰਦੇ ਹਨ। ਜਿਹੜਿਆੰ ਨੂੰ ਲੋਕ ਪਸੰਦ ਨਹੀੰ ਕਰਦੇ, ਜਦੋੰ ਉਹਨਾੰ ਨੂੰ ਲੋਕਾੰ ‘ਤੇ ਥੋਪਦੇ ਹੋ, ਤਾੰ ਲੋਕਾੰ ਦਾ ਮਨ ਦੁਖੀ ਹੁੰਦਾ ਹੈ ਕਿ ਅਕਾਲੀ ਦਲ ਦਾ ਇਹੋ-ਜਿਹਾ ਨਹੀੰ ਸੀ।
ਝੂੰਦਾ ਦੀ ਅਗਵਾਈ ‘ਚ ਬਣੀ ਸੀ ਸਮੀਖਿਆ ਕਮੇਟੀ
ਕਾਬਿਲੇਗੌਰ ਹੈ ਕਿ ਅਕਾਲੀ ਦਲ ਨੇ ਵਿਧਾਨ ਸਭਾ ਚੋਣਾੰ ‘ਚ ਹਾਰ ਦੀ ਸਮੀਖਿਆ ਲਈ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਵਿੱਚ ਹੀ ਕਮੇਟੀ ਦਾ ਗਠਨ ਕੀਤਾ ਸੀ। 13 ਮੈੰਬਰੀ ਝੂੰਦਾ ਕਮੇਟੀ ਦੀਆੰ ਸਿਫਾਰਿਸ਼ਾੰ ‘ਤੇ ਹੀ ਪਾਰਟੀ ਦਾ ਪੂਰਾ ਢਾੰਚਾ ਭੰਗ ਕੀਤਾ ਜਾ ਚੁੱਕਿਆ ਹੈ। ਹਾਲਾੰਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਅੱਜ ਵੀ ਬਰਕਰਾਰ ਹੈ।
ਅਕਾਲੀ ਦਲ ‘ਚ ਬਗਾਵਤ ਕੋਈ ਨਵੀੰ ਨਹੀੰ !
ਕਾਬਿਲੇਗੌਰ ਹੈ ਕਿ ਅਕਾਲੀ ਦਲ ‘ਚ ਉਠੀਆੰ ਇਹ ਬਾਗੀ ਸੁਰਾੰ ਕੋਈ ਨਵੀੰ ਗੱਲ ਨਹੀੰ ਹੈ। ਪਾਰਟੀ ਵਿਧਾਇਕ ਮਨਪ੍ਰੀਤ ਇਆਲੀ ਖੁੱਲ੍ਹ ਕੇ ਪਾਰਟੀ ਖਿਲਾਫ਼ ਬਾਗੀ ਰੁਖ ਅਖਤਿਆਰ ਕੀਤੇ ਹੋਏ ਹਨ। ਉਹਨਾੰ ਨੇ ਰਾਸ਼ਟਰਪਤੀ ਚੋਣਾੰ ਦਾ ਵੀ ਇਹ ਕਹਿ ਕੇ ਬਾਈਕਾਟ ਕਰ ਦਿਤਾ ਸੀ ਕਿ ਉਹਨਾੰ ਨੂੰ ਪਾਰਟੀ ਨੇ ਭਰੋਸੇ ਵਿੱਚ ਨਹੀੰ ਲਿਆ। ਉਸ ਤੋੰ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਕੋਰ ਕਮੇਟੀ ਦੀ ਮੀਟਿੰਗ ‘ਚੋੰ ਗੈਰ-ਹਾਜ਼ਰ ਰਹੇ, ਜਿਸ ਤੋੰ ਬਾਅਦ ਪਤਾ ਲੱਗਿਆ ਕਿ ਝੂੰਦਾ ਕਮੇਟੀ ਦੇ ਮੈੰਬਰ ਹੋਣ ਦੇ ਬਾਵਜੂਦ ਰਿਪੋਰਟ ਦੀਆੰ ਸਿਫਾਰਿਸ਼ਾੰ ਸਾੰਝੀਆੰ ਨਾ ਕੀਤੇ ਜਾਣ ਦੇ ਚਲਦੇ ਉਹ ਖਫਾ ਹਨ।
ਇਸ ਤੋੰ ਬਾਅਦ ਪਾਰਟੀ ਅੰਦਰ ਇੱਕ ਬਾਗੀ ਗਰੁੱਪ ਤਿਆਰ ਹੋ ਗਿਆ, ਜੋ ਅਸਿੱਧੇ ਤੌਰ ‘ਤੇ ਸੁਖਬੀਰ ਬਾਦਲ ਦੀ ਅਗਵਾਈ ਦਾ ਵਿਰੋਧ ਕਰ ਰਿਹਾ ਹੈ ਅਤੇ ਵੱਖਰੇ ਤੌਰ ‘ਤੇ ਮੀਟਿੰਗਾੰ ਵੀ ਕੀਤੀਆੰ ਜਾ ਰਹੀਆੰ ਹਨ। ਇਹੀ ਕਾਰਨ ਹੈ ਕਿ ਸੁਖਬੀਰ ਬਾਦਲ ਨੂੰ ਬਾਗੀਆੰ ਖਿਲਾਫ਼ ਐਕਸ਼ਨ ਲਈ ਅਨੁਸ਼ਾਸਨੀ ਕਮੇਟੀ ਦਾ ਗਠਨ ਕਰਨਾ ਪਿਆ, ਜੋ ਜਲਦ ਹੀ ਬਾਗੀਆੰ ਖਿਲਾਫ਼ ਵੱਡੇ ਐਕਸ਼ਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ:- ਸੁਖਬੀਰ ਬਾਦਲ ਖਿਲਾਫ਼ ਖੁੱਲ੍ਹੀ ਬਗਾਵਤ ਦੀ ਤਿਆਰੀ..!