ਚੰਡੀਗੜ੍ਹ। ਪੰਜਾਬ ‘ਚ ਕੋਰੋਨਾ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ। ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕੇਸਾਂ ਅਤੇ ਮੌਤਾਂ ਦੇ ਮਾਮਲਿਆਂ ‘ਚ ਥੋੜ੍ਹੀ ਗਿਰਾਵਟ ਦਰਜ ਹੋਈ ਹੈ। ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, 8347 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ 197 ਲੋਕਾਂ ਨੇ ਕੋਰੋਨਾ ਦੇ ਚਲਦੇ ਦਮ ਤੋੜਿਆ ਹੈ।
ਓਧਰ ਸੂਬੇ ‘ਚ ਕੋਰੋਨਾ ਦੇ ਹਾਲਾਤ ‘ਤੇ ਚਿੰਤਾ ਜ਼ਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਆਲ ਪਾਰਟੀ ਮੀਟਿੰਗ ਸੱਦੇ ਜਾਣ ਦੀ ਅਪੀਲ ਕੀਤੀ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੋਰੋਨਾ ਦੇ ਚਲਦੇ ਮੌਤਾਂ ਦੇ ਅੰਕੜਿਆਂ ‘ਚ ਲਗਾਤਾਰ ਹੋ ਰਹੇ ਇਜ਼ਾਫੇ ਅਤੇ ਵੱਖ-ਵੱਖ ਵਰਗਾਂ ਨੂੰ ਦਿੱਤੀ ਜਾ ਰਹੀ ਰਾਹਤ ਅਤੇ ਅਗਲੀ ਯੋਜਨਾ ਸਬੰਧੀ ਵਿਚਾਰ-ਚਰਚਾ ਲਈ ਆਲ ਪਾਰਟੀ ਮੀਟਿੰਗ ਸੱਦੀ ਜਾਣੀ ਚਾਹੀਦੀ ਹੈ।
ਅਕਾਲੀ ਦਲ ਵੱਲੋਂ ਬੁੱਧਵਾਰ ਨੂੰ ਕੀਤੀ ਗਈ ਮੀਟਿੰਗ ਦੌਰਾਨ ਇਹ ਫ਼ੈਸਲਾ ਹੋਇਆ। ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਕੋਰੋਨਾ ਖਿਲਾਫ਼ ਜੰਗ ‘ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਤਾਂ ਜੋ ਹੋਰ ਪਾਰਟੀਆਂ ਵੀ ਸਰਕਾਰ ਦੀਆਂ ਕੋਸ਼ਿਸ਼ਾਂ ‘ਚ ਸਹਿਯੋਗ ਕਰ ਸਕੇ।
ਲਾਕਡਾਊਨ ਦੇ ਚਲਦੇ ਵਿੱਤੀ ਮਦਦ ਦੀ ਮੰਗ
ਅਕਾਲੀ ਦਲ ਦੀ ਮੀਟਿੰਗ ‘ਚ ਲਾਕਡਾਊਨ ਦੇ ਚਲਦੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਦਰਪੇਸ਼ ਆ ਰਹੀਆੰ ਮੁਸ਼ਕਿਲਾਂ ਬਾਰੇ ਵੀ ਮੰਥਨ ਕੀਤਾ ਗਿਆ। ਅਕਾਲੀ ਦਲ ਨੇ ਕਿਹਾ, “ਲਾਕਡਾਊਨ ਦੇ ਚਲਦੇ ਟੈਕਸੀ ਚਾਲਕ, ਰਿਕਸ਼ਾ ਚਾਲਕ, ਛੋਟੇ ਦੁਕਾਨਦਾਰਾਂ ਅਤੇ ਮਜ਼ਦੂਰਾਂ ਨੂੰ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਸਰਕਾਰ ਨੂੰ ਉਹਨਾਂ ਦੀ ਵਿੱਤੀ ਮਦਦ ਕਰਨੀ ਚਾਹੀਦੀ ਹੈ।” ਇਸਦੇ ਨਾਲ ਹੀ ਮਿਡਲ ਕਲਾਸ ਲਈ ਬੈਂਕ ਲੋਨ ਮੁਲਤਵੀ ਕਰਨ ਅਤੇ 6 ਮਹੀਨਿਆਂ ਲਈ ਵਿਆਜ ‘ਚ ਕਟੌਤੀ ਦੀ ਵੀ ਮੰਗ ਕੀਤੀ ਗਈ ਹੈ।
‘ਨਿੱਜੀ ਹਸਪਤਾਲਾਂ ਦੀ ਮਨਮਾਨੀ ‘ਤੇ ਸਖਤੀ ਦੀ ਲੋੜ’
ਦਵਾਈਆਂ ਦੀ ਕਾਲਾਬਜ਼ਾਰੀ ਦੇ ਮੁੱਦੇ ‘ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਮੰਦਭਾਗਾ ਹੈ ਕੁਝ ਨਿੱਜੀ ਹਸਪਤਾਲ ਕੋਰੋਨਾ ਮਰੀਜ਼ਾਂ ਤੋਂ ਲੱਖਾਂ ਰੁਪਏ ਦੀ ਫੀਸ ਵਸੂਲ ਰਹੇ ਹਨ ਅਤੇ ਸਰਕਾਰ ਇਸਦੇ ਲਈ ਕੁਝ ਨਹੀਂ ਕਰ ਰਹੀ। ਉਹਨਾਂ ਮੰਗ ਕੀਤੀ ਕਿ ਸਰਕਾਰ ਨਿੱਜੀ ਹਸਪਤਾਲਾਂ ਵੱਲੋਂ ਵਸੂਲੀ ਜਾਂਦੀ ਰਕਮ ਘੱਟ ਕੀਤੇ ਜਾਣ ਦਾ ਫਰਮਾਨ ਜਾਰੀ ਕਰੇ ਅਤੇ ਨਾਲ ਹੀ ਕਾਲਾਬਜ਼ਾਰੀ ‘ਤੇ ਵੀ ਨਕੇਲ ਕੱਸੀ ਜਾਵੇ।
ਵੈਕਸੀਨ ਲਈ ਸਿੱਧੇ ਆਰਡਰ ਦੇਣ ਦੀ ਮੰਗ
ਸੁਖਬੀਰ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਸੂਬਾ ਸਰਕਾਰ ਕੋਰੋਨਾ ਵੈਕਸੀਨ ਲਈ ਸਿੱਧੇ ਆਰਡਰ ਦੇਵੇ ਅਤੇ ਇਸਦੀ ਖਰੀਦ ਲਈ ਕੌਮਾਂਤਰੀ ਟੈਂਡਰ ਵੀ ਖੋਲ੍ਹੇ ਜਾਣ। ਉਹਨਾਂ ਕਿਹਾ, “ਰਿਪੋਰਟਾਂ ਦੱਸਦੀਆਂ ਹਨ ਕਿ ਪੰਜਾਬ ‘ਚ ਮਹਿਜ਼ ਇੱਕ ਦਿਨ ਦਾ ਵੈਕਸੀਨ ਦਾ ਸਟਾਕ ਬਾਕੀ ਹੈ ਅਤੇ ਲੋਕ ਪਰੇਸ਼ਾਨ ਹੋ ਰਹੇ ਹਨ।” ਸੁਖਬੀਰ ਬਾਦਲ ਨੇ ਮੈਡੀਕਲ ਆਕਸੀਜ਼ਨ ਦੀ ਵਾਧੂ ਸਪਲਾਈ ਅਤੇ ਹਸਪਤਾਲਾਂ ਨੂੰ ਉਚਿਤ ਆਕਸੀਜ਼ਨ ਸਮੇਂ ਸਿਰ ਪਹੁੰਚਾਏ ਜਾਣ ਦੀ ਵੀ ਮਂੰਗ ਕੀਤੀ।