ਚੰਡੀਗੜ੍ਹ। ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਖਰੀਦ ਨੂੰ ਕਰੀਬ 15 ਦਿਨ ਬੀਤ ਚੁੱਕੇ ਹਨ, ਪਰ ਹਾਲੇ ਤੱਕ ਕਿਸਾਨਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਹੋਈਆਂ। ਬਾਰਦਾਨੇ ਦੀ ਕਮੀ ਦੇ ਚਲਦੇ ਸਰਕਾਰ ਦੇ ਇੰਤਜ਼ਾਮਾਂ ‘ਤੇ ਲਗਾਤਾਰ ਸਵਾਲ ਉਠ ਰਹੇ ਹਨ। ਲਿਹਾਜ਼ਾ ਵਿਰੋਧੀ ਵੀ ਹਮਲਾਵਰ ਹਨ। ਸ਼ਨੀਵਾਰ ਨੂੰ ਅਕਾਲੀ ਦਲ ਨੇ ਪੰਜਾਬ ਭਰ ‘ਚ ਜ਼ਿਲ੍ਹਾ ਪੱਧਰ ‘ਤੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤੇ ਅਤੇ ਰਾਜਪਾਲ ਦੇ ਨਾੰਅ ਮੰਗ-ਪੱਤਰ ਸੌੰਪਦੇ ਹੋਏ ਸੂਬੇ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੁੰ ਬਰਖ਼ਾਸਤ ਕਰਨ ਦੀ ਮੰਗ ਕੀਤੀ।
ਵਕਤ ‘ਤੇ ਕਿਉਂ ਨਹੀਂ ਖਰੀਦੇ ਬਾਰਦਾਨੇ?- ਅਕਾਲੀ ਦਲ
ਅਕਾਲੀ ਦਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਖਰੀਦ ਪ੍ਰਕਿਰਿਆ ਦੀ ਐਨੀ ਮਾੜੀ ਹਾਲਤ ਲਈ ਮੰਤਰੀ ਭਾਰਤ ਭੂਸ਼ਣ ਆਸ਼ੂ ਸਿੱਧੇ ਤੌਰ ‘ਤੇ ਜਿੰਮੇਵਾਰ ਹੈ, ਇਸ ਲਈ ਉਹਨਾਂ ਨੂੰ ਤੁਰੰਤ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਨਾਲ ਹੀ ਇਸ ਗੱਲ ਦੀ ਵੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿ ਪੁਰਾਣੇ ਪ੍ਰਬੰਧ ਮੁਤਾਬਕ ਸਮੇ ਸਿਰ ਜਿਊਟ ਦੀਆਂ ਬੋਰੀਆਂ ਦੇ ਆਰਡਰ ਕਿਉਂ ਨਹੀਂ ਦਿੱਤੇ ਗਏ ਅਤੇ ਸਮੇ ਸਿਰ ਬਾਰਦਾਨਾ ਕਿਉਂ ਨਹੀਂ ਖਰੀਦਿਆ ਗਿਆ? ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇ ਕਿ ਪੁਰਾਣਾ ਬਾਰਦਾਨਾ ਖਰੀਦਣ ਲਈ ਵੀ ਹਰਿਆਣਾ ਸੁੂਬੇ ਦੇ ਮੁਕਾਬਲੇ ਟੈਂਡਰ ਪ੍ਰਕਿਰਿਆ ਵਿੱਚ ਦੇਰੀ ਕਿਉਂ ਕੀਤੀ ਗਈ ?
ਅਕਾਲੀ ਦਲ ਨੂੰ ਘੋਟਾਲੇ ਦਾ ਸ਼ੱਕ
ਅਕਾਲੀ ਦਲ ਨੇ ਇਹ ਵੀ ਕਿਹਾ ਕਿ ਸਥਾਨਕ ਪੱਧਰ ’ਤੇ ਪੀ.ਪੀ.ਈ ਦੇ ਬਾਰਦਾਨੇ ਨੂੰ ਖਰੀਦਣ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਉਠ ਰਹੇ ਹਨ ਅਤੇ ਇਹ ਗੱਲ ਖੁੱਲ੍ਹ ਕੇ ਬਾਹਰ ਆ ਰਹੀ ਹੈ ਕਿ ਫੂਡ ਸਪਲਾਈ ਵਿਭਾਗ ਵੱਲੋਂ ਜਾਣਬੁੱਝ ਕੇ ਜਿਊਟ ਬੈਗ ਦੀ ਖਰੀਦ ਵਿੱਚ ਦੇਰੀ ਕਰਕੇ ਪਹਿਲਾਂ ਜਾਣਬੁੱਝ ਕੇ ਬਾਰਦਾਨੇ ਦੀ ਕਿੱਲਤ ਪੈਦਾ ਕੀਤੀ ਗਈ ਅਤੇ ਫਿਰ ਐਮਰਜੈਂਸੀ ਵਰਗੇ ਹਾਲਾਤ ਬਣਾ ਕੇ ਸਥਾਨਕ ਪੱਧਰ ‘ਤੇ ਪੀ.ਪੀ.ਈ ਤੋਂ ਤਿਆਰ ਬਾਰਦਾਨਾ ਮਹਿੰਗੇ ਭਾਅ ‘ਤੇ ਖਰੀਦਿਆ ਗਿਆ ਅਤੇ ਇਸ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋਇਆ ਹੈ। ਇਸਦੀ ਨਿਰਪੱਖ ਜਾਂਚ ਕਰਵਾ ਕੇ ਸਾਰੇ ਦੋਸ਼ੀਆਂ ਨੂੰ ਕਰੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।