ਚੰਡੀਗੜ੍ਹ। ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਰੋਕ ਦੇ ਚਲਦੇ ਬੇਸ਼ੱਕ ਸੁਖਬੀਰ ਬਾਦਲ ਹੁਣ ਚੋਣ ਰੈਲੀਆਂ ਨਹੀਂ ਕਰ ਰਹੇ, ਪਰ ਉਮੀਦਵਾਰਾਂ ਦੇ ਐਲਾਨ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਹੁਣ ਪਾਰਟੀ ਨੇ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਚੋਣ ਪਿੜ ‘ਚ ਉਤਾਰਿਆ ਹੈ।
Following a meeting with leadership of Ferozepur district, it was unanimously decided to give the responsibility of Zira Assembly seat to ex-minister S. Janmeja Singh Sekhon. I appeal to party rank and file to make Sekhon Ji victorious from Zira in 2022.@Akali_Dal_ pic.twitter.com/qtgXIDnuty
— Sukhbir Singh Badal (@officeofssbadal) April 10, 2021
ਮਨਪ੍ਰੀਤ ਬਾਦਲ ਨੂੰ ਹਰਾ ਚੁੱਕੇ ਹਨ ਸੇਖੋਂ
ਜਨਮੇਜਾ ਸਿੰਘ ਸੇਖੋਂ ਪਹਿਲੀ ਵਾਰ ਅਕਾਲੀ ਦਲ ਦੀ ਟਿਕਟ ‘ਤੇ 1997 ‘ਚ ਫ਼ਿਰੋਜ਼ਪੁਰ ਕੈਂਟ ਤੋਂ ਵਿਧਾਇਕ ਬਣੇ। 2007 ‘ਚ ਉਹ ਦੂਜੀ ਵਾਰ ਫ਼ਿਰੋਜ਼ਪੁਰ ਕੈਂਟ ਤੋਂ ਵੀ ਵਿਧਾਇਕ ਚੁਣੇ ਗਏ। 2012 ‘ਚ ਉਹਨਾਂ ਦੀ ਸੀਟ ਬਦਲ ਕੇ ਮਨਪ੍ਰੀਤ ਬਾਦਲ ਖਿਲਾਫ਼ ਚੋਣ ਲੜਨ ਲਈ ਮੌੜ ਮੰਡੀ ਭੇਜਿਆ ਗਿਆ। ਇਸ ਐਕਸਪੈਰੀਮੈਂਟ ‘ਚ ਸੇਖੋਂ ਕਾਮਯਾਬ ਵੀ ਹੋਏ ਅਤੇ ਚੋਣਾਂ ‘ਚ ਮਨਪ੍ਰੀਤ ਬਾਦਲ ਨੂੰ ਮਾਤ ਦੇ ਦਿੱਤੀ। ਚੋਣ ਜਿੱਤਣ ਤੋਂ ਬਾਅਦ ਉਹਨਾਂ ਨੂੰ ਬਾਦਲ ਸਰਕਾਰ ‘ਚ ਸਿੰਚਾਈ ਮੰਤਰੀ ਬਣਾਇਆ ਗਿਆ। ਇਸ ਤੋਂ ਬਾਅਦ 2017 ‘ਚ ਉਹਨਾਂ ਨੂੰ ਮੌੜ ਮੰਡੀ ਤੋਂ ‘ਆਪ’ ਉਮੀਦਵਾਰ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਹੁਣ ਤੱਕ 6 ਉਮੀਦਵਾਰਾਂ ਦਾ ਐਲਾਨ
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ 5 ਸਿਆਸੀ ਰੈਲੀਆਂ ‘ਚ 5 ਉਮੀਦਵਾਰਾਂ ਦੇ ਨਾੰਅ ਐਲਾਨ ਚੁੱਕੇ ਹਨ। ਸਭ ਤੋਂ ਪਹਿਲੀ ਰੈਲੀ ਜਲਾਲਾਬਾਦ ‘ਚ ਕੀਤੀ ਗਈ ਸੀ, ਜਿਥੇ ਸੁਖਬੀਰ ਬਾਦਲ ਨੇ ਖੁਦ ਨੂੰ ਹੀ ਉਮੀਦਵਾਰ ਐਲਾਨਿਆ। ਇਸ ਤੋਂ ਬਾਅਦ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ, ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ ਅਜਨਾਲਾ, ਅਟਾਰੀ ਤੋਂ ਗੁਲਜ਼ਾਰ ਸਿੰਘ ਰਣੀਕੇ ਅਤੇ ਡੇਰਾਬਸੀ ਤੋਂ ਐਨ.ਕੇ. ਸ਼ਰਮਾ ਨੂੰ ਉਮੀਦਵਾਰ ਐਲਾਨਿਆ ਗਿਆ। ਇਹਨਾਂ ‘ਚੋਂ ਗੁਲਜ਼ਾਰ ਿਸੰਘ ਰਣੀਕੇ ਅਤੇ ਐਨ.ਕੇ. ਸ਼ਰਮਾ ਨੂੰ ਮੰਤਰੀ ਬਣਾਏ ਜਾਣ ਦਾ ਵੀ ਭਰੋਸਾ ਸੁਖਬੀਰ ਬਾਦਲ ਨੇ ਮੰਚ ਤੋਂ ਹੀ ਦੇ ਦਿੱਤਾ ਸੀ।