ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਵੱਲੋਂ 5 ਅਪ੍ਰੈਲ ਨੂੰ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ਼ ਸੂਬੇ ਭਰ ‘ਚ ਧਰਨੇ-ਮੁਜ਼ਾਹਰੇ ਕੀਤੇ ਜਾਣਗੇ। ਇਹਨਾਂ ਧਰਨੇ-ਮੁਜ਼ਾਹਰਿਆਂ ਦੌਰਾਨ ਕਿਸਾਨੀ, ਵਪਾਰੀਆਂ, ਗਰੀਬਾਂ, ਦਲਿਤਾਂ, ਮੁਲਾਜ਼ਮਾਂ ਤੇ ਬੇਰੋਜ਼ਗਾਰੀ ਵਰਗੇ ਮੁੱਦੇ ਚੁੱਕੇ ਜਾਣਗੇ। ਅਕਾਲੀ ਦਲ ਕੋਰ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਕੋਰ ਕਮੇਟੀ ਦੀ ਬੈਠਕ ‘ਚ ਇਹ ਫ਼ੈਸਲਾ ਲਿਆ ਗਿਆ। ਅਕਾਲੀ ਦਲ ਵੱਲੋਂ ਘਰੇਲੂ ਬਿਜਲੀ ਦੀਆਂ ਕੀਮਤਾਂ, ਡੀਜ਼ਲ ਤੇ ਪੈਟਰੋਲ ਦੀ ਵਿਕਰੀ ’ਤੇ ਲੱਗਦੇ ਟੈਕਸਾਂ, ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ, ਕਾਨੂੰਨ-ਵਿਵਸਥਾ ਸਣੇ ਖੇਤੀ ਕਾਨੂੰਨਾਂ ਅਤੇ DBT ਦੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਿਆ ਜਾਵੇਗਾ ।
ਕੋਰ ਕਮੇਟੀ ਦੀ ਮੀਟਿੰਗ ‘ਚ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਰਾਜਸਥਾਨ ਦੇ ਅਲਵਰ ‘ਚ ਹੋਏ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਕਿ ਇਸ ਹਮਲੇ ਪਿੱਛੇ ਤਾਕਤਾਂ ਦਾ ਪਤਾ ਲਾਉਣ ਲਈ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਈ ਜਾਵੇ। ਮੀਟਿੰਗ ਵਿਚ ਕਿਹਾ ਗਿਆ ਕਿ ਬੀਜੇਪੀ ਦੇ ਕਈ ਮੈਂਬਰਾਂ ਵੱਲੋਂ ਕਿਸਾਨ ਵਿਰੋਧੀ ਗੈਰ ਜ਼ਿੰਮੇਵਾਰਾਨਾ ਬਿਆਨ ਇਸ ਹਮਲੇ ਲਈ ਜ਼ਿੰਮੇਵਾਰ ਹਨ। ਇਸਦੇ ਨਾਲ ਹੀ ਸੀਐੱਮ ਕੈਪਟਨ ‘ਤੇ ਕਿਸਾਨਾਂ ਦਾ ਸਟੈਂਡ ਨਾ ਲੈਣ ਦਾ ਇਲਜ਼ਾਮ ਲਗਾਇਆ ਗਿਆ।
ਕੋਰ ਕਮੇਟੀ ਵੱਲੋਂ ਪਾਸ ਕੀਤੇ ਇੱਕ ਮਤੇ ਵਿੱਚ ਮੁੱਖ ਮੰਤਰੀ ’ਤੇ ਸੂਬੇ ਵਿੱਚ ਸ਼ਾਂਤੀ, ਫਿਰਕੂ ਸਦਭਾਵਨਾ ਤੇ ਅਮਨ ਕਾਨੂੰਨ-ਵਿਵਸਥਾ ਬਣਾ ਕੇ ਰੱਖਣ ਦੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਭੱਜਣ ਦਾ ਵੀ ਦੋਸ਼ ਲਗਾਇਆ ਗਿਆ ਤੇ ਕਿਹਾ ਕਿ ਇਸ ਕਾਰਨ ਹੀ ਸੂਬਾ ਪੂਰਨ ਕਾਨੂੰਨ-ਹੀਣਤਾ ਤੇ ਹਿੰਸਾ ਵੱਲ ਵੱਧ ਰਿਹਾ ਹੈ। ਮਤੇ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਤੇ ਉਹਨਾਂ ਦੇ ਕੈਬਨਿਟ ਮੰਤਰੀ ਸੱਤਾ ਵਿਚ ਆਪਣੇ ਕਾਰਜਕਾਲ ਨੂੰ ਪਿਕਨਿਕ ਵਜੋਂ ਲੈ ਰਹੇ ਹਨ।
ਕੋਰ ਕਮੇਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਦੇ ਸੰਬਧ ਵਿਚ ਸਾਰੇ ਫੈਸਲੇ ਲੈਣ ਲਈ ਅਧਿਕਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਸੌਂਪ ਦਿੱਤੇ।
ਅਕਾਲੀ ਦਲ ਕੋਰ ਕਮੇਟੀ ਨੇ ਸੂਬਾ ਸਰਕਾਰ ਨੂੰ ਇਸ ਗੱਲੋਂ ਵੀ ਘੇਰਿਆ ਕਿ ਉਸਨੇ ਬਿਜਲੀ ਦਰਾਂ ਦੀਆਂ ਕੀਮਤਾਂ ਵਧਾ ਕੇ ਅਤੇ ਅਸਮਾਨ ਛੂਹ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਤੇ ਹੋਰ ਭਾਰੀ ਟੈਕਸ ਲਗਾ ਕੇ ਲੋਕਾਂ ਦਾ ਲੱਕ ਤੋੜਨ ਦਾ ਕੰਮ ਕੀਤਾ ਹੈ। ਪਾਰਟੀ ਨੇ ਮੁੱਖ ਮੰਤਰੀ ਨੂੰ ਸੂਬੇ ਦੇ ਟੈਕਸਾਂ ਵਿਚ ਘੱਟ ਤੋਂ ਘੱਟ 50 ਫੀਸਦੀ ਦੀ ਕਟੋਤੀ ਕਰਨ ਅਤੇ ਫਿਰ ਇੰਨੀ ਹੀ ਕਟੌਤੀ ਕੇਂਦਰ ਸਰਕਾਰ ਤੋਂ ਟੈਕਸਾਂ ਵਿਚ ਕਰਵਾਉਣ ਵਾਸਤੇ ਆਖਿਆ। ਇਸਦੇ ਨਾਲ ਹੀ ਘਰੇਲੂ, ਉਦਯੋਗਿਕ ਤੇ ਕਮਰਸ਼ੀਅਲ ਸੈਕਟਰ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੇਣ ਦਾ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ।
ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਈ ਹਿੰਸਾ ਦੇ ਮਾਮਲੇ ‘ਚ ਸਿੱਖ ਸੰਗਤ ‘ਤੇ ਝੂਠੇ ਪਰਚੇ ਦਰਜ ਕਰਨ ਦਾ ਵੀ ਇਲਜ਼ਾਮ ਲਗਾਇਆ ਅਤੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ।