ਚੰਡੀਗੜ੍ਹ। ਮਾਨਸਾ ‘ਚ ਕਰੀਬ ਡੇਢ ਮਹੀਨੇ ਪਹਿਲਾਂ ਇੱਕ ਨੌਜਵਾਨ ਦੀ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਹਿਰਾਸਤ ਤੋਂ ਬਾਅਦ ਹੋਈ ਮੌਤ ਦੇ ਮਾਮਲੇ ‘ਚ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਸਖਤੀ ਵਿਖਾਉਂਦਿਆਂ ਪੰਜਾਬ ਸਰਕਾਰ ਤੋਂ Action taken ਰਿਪੋਰਟ ਮੰਗੀ ਹੈ।
ਦਰਅਸਲ, ਕਮਿਸ਼ਨ ਦਾ ਇਲਜ਼ਾਮ ਹੈ ਕਿ ਬੀਤੀ 4 ਜੂਨ ਨੂੰ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਮਾਨਸਾ ਦੇ ਪਿੰਡ ਫਫੜੇਭਾਈਕੇ ਦਾ ਦੌਰਾ ਕਰਕੇ ਇਸ ਮਾਮਲੇ ‘ਚ ਫੌਰੀ ਜਾਂਚ ਮਗਰੋਂ ਦਿੱਤੇ ਗਏ ਆਦੇਸ਼ਾਂ ਨੂੰ ਡਿਪਟੀ ਕਮਿਸ਼ਨਰ ਅਤੇ SSP ਮਾਨਸਾ ਵੱਲੋਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸੇ ਦੇ ਚਲਦੇ ਹੁਣ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਪੰਜਾਬ ਪੁਲਿਸ ਦੇ DGP, ਡਵੀਜ਼ਨਲ ਕਮਿਸ਼ਨਰ ਫਰੀਦਕੋਟ, IG ਬਠਿੰਡਾ ਰੇਂਜ, ਡਿਪਟੀ ਕਮਿਸ਼ਨਰ ਮਾਨਸਾ ਅਤੇ SSP ਮਾਨਸਾ ਨੂੰ ਨੋਟਿਸ ਜਾਰੀ ਕਰਕੇ ਮੁੱਖ ਸਕੱਤਰ ਅਤੇ DGP ਪੰਜਾਬ ਨੂੰ 5 ਬਿੰਦੂਆਂ ‘ਤੇ ਤੁਰੰਤ ਐਕਸ਼ਨ ਲੈਣ ਲਈ ਕਿਹਾ ਹੈ।
ਇਹਨਾਂ 5 ਬਿੰਦੂਆਂ ‘ਤੇ ਮੰਗੀ ਗਈ ਰਿਪੋਰਟ
ਪੰਜ ਬਿੰਦੂ ਜਿਨਾਂ ’ਤੇ ਕਮੀਸ਼ਨ ਨੇ ਐਕਸ਼ਨ ਟੇਕਨ ਰਿਪੋਰਟ ਮੰਗੀ ਹੈ, ਉਸ ਵਿਚ ਬੁਢਲਾਡਾ ਸਿਟੀ ਪੁਲੀਸ ਥਾਣੇ ਵਿਚ ਦਰਜ਼ FIR ਨੰਬਰ 69 ਦੇ ਦੋਸ਼ੀਆਂ ਦੀ ਪਹਿਚਾਣ ਅਤੇ ਗ੍ਰਿਫ਼ਤਾਰੀ, ਭੀਖੀ ਪੁਲਿਸ ਥਾਣੇ ਵਿਚ ਦਰਜ਼ FIR ਨੰਬਰ 75 ਦੇ ਦੋਸ਼ੀਆਂ ਦੀ ਗਿਰਫ਼ਤਾਰੀ, ਹੋਰਨਾਂ ਦੋਸ਼ੀਆਂ ਦੀ ਪਹਿਚਾਣ, ਦੋਵੇਂ ਦਰਜ਼ ਮਾਮਲਿਆਂ ਵਿਚ ਦਿੱਤੀ ਗਈ ਮੁਆਵਜ਼ਾ ਰਾਸ਼ੀ, SC ਐਕਟ 2016 ਦੇ ਤਹਿਤ ਪੀੜਤਾਂ ਨੂੰ ਦਿੱਤੇ ਜਾਣ ਵਾਲੇ ਲੱਖ ਰੁੱਪਏ ਦੇ ਮੁਆਵਜੇ ਦੇ ਨਾਲ-ਨਾਲ ਹੋਰਨਾਂ ਸੁਵਿਧਾਵਾਂ ਜਿਵੇਂ ਕਿ ਰੁਜ਼ਗਾਰ, ਸਿੱਖਿਆ ਅਤੇ ਘਰ ਦੀ ਉਸਾਰੀ ਲਈ ਰਾਸ਼ੀ ਆਦਿ।
ਜਵਾਬ ਨਾ ਮਿਲਣ ‘ਤੇ ਦਿੱਲੀ ਤਲਬ ਹੋਣਗੇ DC-SSP
ਕਮਿਸ਼ਨ ਨੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਅਤੇ SSP ਮਾਨਸਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਮੀਸ਼ਨ ਨੂੰ ਤੁਰੰਤ ਜਵਾਬ ਨਹੀਂ ਮਿਲਿਆ ਤਾਂ ਕਮੀਸ਼ਨ ਸੰਵਿਧਾਨ ਦੀ ਧਾਰਾ 338 ਦੇ ਤਹਿਤ ਮਿਲੀ ਸਿਵਿਲ ਕੋਰਟ ਦੀ ਪਾਵਰ ਦਾ ਇਸਤੇਮਾਲ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਵਿਅਕਤੀਗਤ ਤੌਰ ’ਤੇ ਕਮੀਸ਼ਨ ਦੇ ਅੱਗੇ ਮੌਜੂਦ ਹੋਣ ਦੇ ਸੰਮਨ ਜਾਰੀ ਕਰੇਗਾ।
ਕੀ ਹੈ ਪੂਰਾ ਮਾਮਲਾ?
ਇਹ ਪੂਰਾ ਮਾਮਲਾ ਬੀਤੀ 23 ਮਈ ਦਾ ਹੈ, ਜਦੋਂ ਇੱਕ ਕੁੱਤੇ ਨੂੰ ਲੈ ਕੇ 2 ਗੁਆਂਢੀਆਂ ਵਿਚਕਾਰ ਹੋਏ ਝਗੜੇ ਤੋਂ ਬਾਅਦ ਥਾਣਾ ਸਿਟੀ ‘ਚ ਦਲਿਤ ਨੌਜਵਾਨ ਮਨਪ੍ਰੀਤ ਸਿੰਘ ਨੂੰ ਪੁੱਛਗਿੱਛ ਲਈ ਲਿਜਾਇਆ ਗਿਆ ਸੀ। ਇਲਜ਼ਾਮ ਹੈ ਕਿ ਮਨਪ੍ਰੀਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹਿਰਾਸਤ ‘ਚ ਲਿਆ ਗਿਆ ਅਤੇ ਪੁੱਛਗਿੱਛ ਤੋਂ ਬਾਅਦ ਮਨਪ੍ਰੀਤ ਦੇ ਘਰ ਪਹੁੰਚਦੇ ਹੀ ਉਸਦੀ ਮੌਤ ਹੋ ਗਈ। ਪੀੜਤ ਪਰਿਵਾਰ ਅਤੇ ਦਲਿਤ ਭਾਈਚਾਰੇ ਵੱਲੋਂ ਪੁਲਿਸ ‘ਤੇ ਦਲਿਤ ਨੌਜਵਾਨ ਦੀ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਸਨ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਸੀ।ਇਸਦੇ ਨਾਲ ਹੀ ਪੀੜਤ ਪਰਿਵਾਰ ਲਈ ਇੱਕ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਦਾ ਮੁਆਵਜ਼ਾ ਵੀ ਮੰਗਿਆ ਗਿਆ ਸੀ।
ਹਾਲਾਂਕਿ, ਪੁਲਿਸ ਮੁਤਾਬਕ ਮਨਪ੍ਰੀਤ ਨੂੰ ਪੁੱਛਗਿੱਛ ਦੌਰਾਨ ਕਿਸੇ ਵੀ ਤਰ੍ਹਾਂ ਪਰੇਸ਼ਾਨ ਨਹੀਂ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਨਪ੍ਰੀਤ ਨੂੰ ਉਸਦੇ ਘਰ ਵਾਲਿਆਂ ਅਤੇ ਜਾਣਕਾਰਾਂ ਦੇ ਨਾਲ ਸਹੀ-ਸਲਾਮਤ ਘਰ ਭੇਜਿਆ ਗਿਆ ਸੀ। ਪਰ ਘਰ ਜਾ ਕੇ ਉਸਦੀ ਮੌਤ ਕਿਵੇਂ ਹੋਈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।