ਚੰਡੀਗੜ੍ਹ। ਪੰਜਾਬ ਵਿੱਚ ਕੋਰੋਨਾ ਦੀ ਪਾਜ਼ਿਟਿਵਿਟੀ ਦਰ ਘੱਟ ਕੇ 0.4 ਫੀਸਦ ਰਹਿ ਜਾਣ ਦੇ ਚਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਭਗ ਹਰ ਪਾਬੰਦੀ ਹਟਾ ਦਿੱਤੀ ਗਈ ਹੈ। ਹਾਲਾਂਕਿ ਕਈ ਚੀਜ਼ਾਂ ਲਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਦਿੱਤੇ ਗਏ ਹਨ। ਹਾਲਾਂਕਿ ਸਕੂਲਾਂ ਨੂੰ ਹਾਲੇ ਵੀ ਬੰਦ ਹੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।
ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੀ ਕੋਵਿਡ ਰਿਵਿਊ ਬੈਠਕ ‘ਚ ਮੌਜੂਦਾ ਪਾਬੰਦੀਆਂ ਨੂੰ ਐਤਵਾਰ ਤੱਕ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ, ਪਰ ਇਸਦੇ ਨਾਲ ਹੀ ਸੋਮਵਾਰ ਤੋਂ ਕਈ ਪਾਬੰਦੀਆਂ ਖਤਮ ਹੋ ਜਾਣਗੀਆਂ, ਜਿਹਨਾਂ ਮੁਤਾਬਕ:-
- ਸੂਬੇ ‘ਚ ਸੋਮਵਾਰ ਤੋਂ ਵੀਕੈਂਡ ਅਤੇ ਨਾਈਟ ਕਰਫਿਊ ਨਹੀਂ ਲੱਗੇਗਾ।
- ਹਾਲ ‘ਚ ਸਮਾਗਮ ਕਰਨ ਲਈ 100 ਅਤੇ ਖੁੱਲ੍ਹੇ ਵਿੱਚ ਸਮਾਗਮ ਲਈ 200 ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ।
- ਮੁੱਖ ਮੰਤਰੀ ਨੇ DGP ਨੂੰ ਨਿਰਦੇਸ਼ ਦਿੱਤਾ ਕਿ ਰੈਲੀਆਂ ਅਤੇ ਮੁਜ਼ਾਹਰਿਆਂ ‘ਚ ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਚਲਾਨ ਜਾਰੀ ਕੀਤੇ ਜਾਣ।
- ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵਿਮਿੰਗ ਪੂਲ, ਜਿੰਮ, ਮਾਲ, ਖੇਡ ਕੰਪਲੈਕਸ, ਮਿਊਜ਼ੀਅਮ ਅਤੇ ਚਿੜ੍ਹੀਆਘਰ ਹੁਣ 100 ਫ਼ੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਬਸ਼ਰਤੇ ਸਾਰੇ ਸਟਾਫ ਮੈਂਬਰ ਅਤੇ ਵਿਜ਼ੀਟਰਸ ਨੂੰ ਕੋਰੋਨਾ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਲੱਗੀ ਹੋਵੇ।
- ਸੂਬੇ ‘ਚ ਸਕੂਲ ਹਾਲੇ ਵੀ ਬੰਦ ਰਹਿਣਗੇ, ਪਰ ਕਾਲਜਾਂ, ਕੋਚਿੰਗ ਸੈਂਟਰਾਂ ਅਤੇ ਹੋਰ ਉਚੇਰੀ ਸਿੱਖਿਆ ਵਾਲੇ ਸੰਸਥਾਨਾਂ ਨੂੰ ਖੋਲ੍ਹੇ ਜਾਣ ਦੀ ਇਜਾਜ਼ਤ ਸਬੰਧਤ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਜਾ ਸਕਦੀ ਹੈ। ਬਸ਼ਰਤੇ ਉਹਨਾਂ ਨੂੰ ਸਰਟੀਫਿਕੇਟ ਦੇਣਾ ਪਵੇਗਾ ਕਿ ਸਾਰੇ ਟੀਚਿੰਗ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਨੂੰ ਕੋਰੋਨਾ ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼(2 ਹਫ਼ਤੇ ਪਹਿਲਾਂ) ਲੱਗ ਚੁੱਕੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ 20 ਜੁਲਾਈ ਨੂੰ ਕੋਵਿਡ ਦੇ ਹਾਲਾਤ ਦੀ ਦੁਬਾਰਾ ਸਮੀਖਿਆ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬੰਦਿਸ਼ਾਂ ਵਿੱਚ ਛੋਟ ਦਿੰਦਿਆਂ ਹਰ ਹਾਲ ਵਿੱਚ ਮਾਸਕ ਦੀ ਵਰਤੋਂ ਸਖਤੀ ਨਾਲ ਕੀਤੀ ਜਾਵੇ।
ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਚਾਰ ਜ਼ਿਲ੍ਹਿਆਂ ਵਿੱਚ ਪਾਜ਼ੇਟਿਵਟੀ ਦਰ ਇਕ ਫੀਸਦੀ ਜਾਂ ਇਸ ਤੋਂ ਘੱਟ ਹੈ ਪਰ ਹਾਲੇ ਵੀ ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਚੌਕਸੀ ਵਰਤਣ ਦੀ ਲੋੜ ਹੈ।