October 4, 2022
(Chandigarh)
ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਕਸਟਡੀ ‘ਚੋਂ ਫ਼ਰਾਰ ਹੋਏ ਨੂੰ 3 ਦਿਨ ਬੀਤ ਚੁੱਕੇ ਹਨ, ਪਰ ਅਜੇ ਤੱਕ ਪੰਜਾਬ ਪੁਲਿਸ ਦੇ ਹੱਥ ਖਾਲੀ ਹਨ। ਇਸ ਵਿਚਾਲੇ ਗੈਂਗਸਟਰ ਦੀ ਫਰਾਰੀ ਨੂੰ ਲੈ ਕੇ ਕਈ ਵੱਡੇ ਖੁਲਾਸੇ ਸਾਹਮਣੇ ਆ ਰਹੇ ਹਨ। ਖਾਸਕਰ ਮਾਨਸਾ ਪੁਲਿਸ ਦੇ ਤਤਕਾਲੀ CIA ਇੰਚਾਰਜ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿੱਚ ਹੈ। ਕਈ ਸਵਾਲ ਇਸ ਵਕਤ ਸੁਰਖੀਆਂ ‘ਚ ਹਨ ਕਿ ਆਖਰ A ਕੈਟੇਗਰੀ ਦਾ ਗੈਂਗਸਟਰ ਇੰਨੀ ਅਸਾਨੀ ਨਾਲ ਪੁਲਿਸ ਦੀ ਗ੍ਰਿਫ਼ਤ ‘ਚੋਂ ਫ਼ਰਾਰ ਕਿਵੇਂ ਹੋ ਗਿਆ। ਆਖਰ ਕੌਣ-ਕੌਣ ਇਸ ਪੂਰੀ ਸਾਜ਼ਿਸ਼ ਵਿੱਚ ਸ਼ਾਮਲ ਹੈ।
ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੈਣ ਲਈ ਹੁਣ ਪੰਜਾਬ ਪੁਲਿਸ ਨੇ ਵੱਡਾ ਫ਼ੈਸਲਾ ਲਿਆ ਹੈ। DGP ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਇਸ ਪੂਰੀ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ ਵਿਸ਼ੇਸ਼ ਜਾਂਚ ਟੀਮ(SIT) ਦਾ ਗਠਨ ਕਰ ਦਿੱਤਾ ਗਿਆ ਹੈ। SIT ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਜਲਦ ਤੋਂ ਜਲਦ ਜਾਂਚ ਮੁਕੰਮਲ ਕਰਕੇ ਪੂਰੀ ਸਾਜ਼ਿਸ਼ ਬੇਪਰਦਾ ਕੀਤੀ ਜਾਵੇ ਅਤੇ ਇਸ ਵਿੱਚ ਸ਼ਾਮਲ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਾ ਜਾਵੇ।
DGP ਵੱਲੋਂ ਗਠਿਤ ਇਸ 4-ਮੈਂਬਰੀ SIT ਵਿੱਚ AGTF ਅਤੇ ਜ਼ਿਲ੍ਹਾ ਅਫ਼ਸਰਾਂ ਨੂੰ ਸ਼ਾਮਲ ਕੀਤਾ ਗਿਆ ਹੈ। IG ਐੱਮ.ਐੱਸ. ਛੀਨਾ ਇਸਦੀ ਅਗਵਾਈ ਕਰਨਗੇ। ਇਸ ਤੋਂ ਇਲਾਵਾ AIG ਘੁੰਮਣ, SSP ਮਾਨਸਾ ਅਤੇ DSP ਬਿਕਰਮ ਬਰਾੜ ਇਸ SIT ਦਾ ਹਿੱਸਾ ਹੋਣਗੇ।
SIT directed to unravel the complete conspiracy. No person to be spared. Investigation be concluded expeditiously. (2/2)
— Punjab Police India (@PunjabPoliceInd) October 4, 2022
ਦੱਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸ ਗੁਰਗਾ ਗੈਂਗਸਟਰ ਦੀਪਕ ਟੀਨੂੰ 1 ਅਕਤੂਬਰ ਦੀ ਰਾਤ ਨੂੰ ਪੁਲਿਸ ਕਸਟਡੀ ‘ਚੋਂ ਫ਼ਰਾਰ ਹੋ ਗਿਆ ਸੀ। ਦੀਪਕ ਟੀਨੂੰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪੁੱਛਗਿੱਛ ਲਈ ਮਾਨਸਾ ਲਿਆਂਦਾ ਗਿਆ ਸੀ।(ਪੂਰੀ ਖ਼ਬਰ ਇਥੇ ਪੜ੍ਹੋ)
ਇਸ ਮਾਮਲੇ ਵਿੱਚ ਮਾਨਸਾ ਪੁਲਿਸ ਦੇ CIA ਇੰਚਾਰਜ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹ ਇਸ ਵਕਤ ਪੁਲਿਸ ਰਿਮਾਂਡ ‘ਤੇ ਹਨ। ਇਲਜ਼ਾਮਾਂ ਦੇ ਚਲਦੇ ਪ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਵੀ ਕੀਤਾ ਗਿਆ ਹੈ।