ਚੰਡੀਗੜ੍ਹ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ SIT ਨੇ ਮੰਗਲਵਾਰ ਨੂੰ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਉਹਨਾਂ ਦੀ ਚੰਡੀਗੜ੍ਹ ਰਿਹਾਇਸ਼ ਵਿਖੇ ਪੁੱਛਗਿੱਛ ਕੀਤੀ। ADGP ਐੱਲ.ਕੇ. ਯਾਦਵ ਦੀ ਅਗਵਾਈ ਵਾਲੀ SIT ਨੇ ਸਾਬਕਾ ਸੀਐੱਮ ਤੋਂ ਕਰੀਬ 3 ਘੰਟਿਆਂ ਤੱਕ ਸਵਾਲ-ਜਵਾਬ ਕੀਤੇ। ਹਾਲਾਂਕਿ ਇਸ ਪੁੱਛਗਿੱਛ ਬਾਰੇ SIT ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ, ਪਰ ਮੰਨਿਆ ਜਾ ਰਿਹਾ ਹੈ ਕਿ ਗੋਲੀ ਕਾਂਡ ਦੇ ਪੂਰੇ ਘਟਨਾਕ੍ਰਮ ਦੌਰਾਨ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਨੂੰ ਲੈ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ।
ਅਕਾਲੀ ਦਲ ਨੇ ਚੁੱਕੇ ਸਵਾਲ
ਸਾਬਕਾ ਸੀਐੱਮ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਕਾਂਗਰਸ ਸਰਕਾਰ ‘ਤੇ ਇੱਕ ਵਾਰ ਫਿਰ SIT ਜਾਂਚ ਦਾ ਸਿਆਸੀਕਰਨ ਕੀਤੇ ਜਾਣ ਦੇ ਇਲਜ਼ਾਮ ਲਾਏ। ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ ਬਾਦਲ ਦੀ ਰਿਹਾਇਸ਼ ‘ਤੇ ਪੁੱਛਗਿੱਛ ਲਈ ਆਏ ਅਧਿਕਾਰੀਆਂ ‘ਚੋਂ ਇੱਕ ਅਣਅਧਿਕਾਰਤ ਸੀ।
ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਅਤੇ ਸੰਗਤ ਨਾਲ ਜਲਦ ਇਨਸਾਫ਼ ਹੋਵੇ, ਇਸ ਲਈ ਸ਼੍ਰੋਮਣੀ ਅਕਾਲੀ ਦਲ ਜਾਂਚ ਲਈ ਨਵੀਂ ਬਣੀ ਐੱਸ ਆਈ ਟੀ ਨੂੰ ਵੀ ਹਰ ਪੱਖੋਂ ਪੂਰਾ ਸਹਿਯੋਗ ਦੇਵੇਗਾ। pic.twitter.com/k6lPqrTSo1
— Shiromani Akali Dal (@Akali_Dal_) June 22, 2021
SIT ‘ਤੇ ਇਸ ਲਈ ਅਕਾਲੀ ਦਲ ਨੂੰ ਇਤਰਾਜ਼
ਅਕਾਲੀ ਆਗੂਆਂ ਨੇ ਕਿਹਾ ਕਿ ਸੇਵਾ ਮੁਕਤ ਅਫਸਰ ਵਿਜੇ ਸਿੰਗਲਾ ਜੋ ਕਿਸੇ ਸਰਕਾਰੀ ਅਹੁਦੇ ’ਤੇ ਨਹੀਂ ਹੈ, ਨੂੰ SIT ਦਾ ਮੈਂਬਰ ਬਣਾ ਦਿੱਤਾ ਗਿਆ ਤੇ DIG ਸੁਰਜੀਤ ਸਿੰਘ ਨੂੰ ਟੀਮ ਵਿਚੋਂ ਬਾਹਰ ਕੱਢ ਦਿੱਤਾ ਗਿਆ। ਉਹਨਾਂ ਕਿਹਾ ਕਿ ਇਕ ਸਾਬਕਾ ਡਾਇਰੈਕਟਰ ਪ੍ਰੋਸੀਕਿਊਸ਼ਨ SIT ਦਾ ਮੈਂਬਰ ਕਿਵੇਂ ਬਣਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ SIT ਦੇ ਮੁਖੀ ਐੱਲ.ਕੇ. ਯਾਦਵ ਨੁੰ ਰਾਤੋਂ-ਰਾਤ ADGP ਬਣਾ ਦਿੱਤਾ ਗਿਆ, ਤਾਂ ਜੋ ਉਹਨਾਂ ਨੂੰ SIT ਦਾ ਮੁਖੀ ਲਗਾਇਆ ਜਾ ਸਕੇ, ਜਦਕਿ ਜਾਂਚ ਵਾਸਤੇ 2 ADGP ਪਹਿਲਾਂ ਹੀ ਮੌਜੂਦ ਸਨ।
SDM ਤੋਂ ਹੋਣੀ ਚਾਹੀਦੀ ਸੀ ਪੁੱਛਗਿੱਛ- SAD
ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ SIT ਨਾਲ ਸਹਿਯੋਗ ਕੀਤਾ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਤੋਂ ਧਾਰਾ 307 ਤਹਿਤ ਦਰਜ ਹੋਏ ਇਰਾਦਾ ਕਤਲ ਦੇ ਕੇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਕੋਟਕਪੁਰਾ ਫਾਇਰਿੰਗ ਵਿਚ ਇਕ ਵਿਅਕਤੀ ਜ਼ਖ਼ਮੀ ਹੋਇਆ ਸੀ ਤੇ ਇਹ ਫਾਇਰਿੰਗ SDM ਦੇ ਹੁਕਮਾਂ ’ਤੇ ਹੋਈ ਸੀ, ਜਿਸਨੇ ਗੋਲੀ ਚਲਾਉਣ ਦਾ ਹੁਕਮ ਦੇਣ ਤੋਂ ਪਹਿਲਾਂ ਲਾਠੀਚਾਰਜ ਕਰਨ ਤੇ ਜਲ ਤੋਪਾਂ ਦੀ ਵਰਤੋਂ ਕਰਨ ਵਾਸਤੇ ਕਿਹਾ ਸੀ। ਉਹਨਾਂ ਕਿਹਾ ਕਿ ਬਜਾਏ ਤਤਕਾਲੀ ਮੁੱਖ ਮੰਤਰੀ ਤੋਂ ਪੁੱਛਗਿੱਛ ਕਰਨ ਦੇ ਸਬੰਧਤ SDM ਤੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ।
ਬਾਦਲ ਤੋਂ ਪਹਿਲਾਂ ਵੀ ਹੋ ਚੁੱਕੀ ਹੈ ਪੁੱਛਗਿੱਛ
ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਤੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਨਵੰਬਰ, 2018 ‘ਚ IPS ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ SIT ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ ਸਵਾਲ-ਜਵਾਬ ਕੀਤੇ ਗਏ ਸਨ। ਉਸ ਵੇਲੇ ਵੀ ਬਾਦਲ ਦੀ ਸਰਕਾਰੀ ਰਿਹਾਇਸ਼ ‘ਤੇ ਹੀ SIT ਵੱਲੋਂ ਪੁੱਛਗਿੱਛ ਕੀਤੀ ਗਈ ਸੀ। ਹਾਲਾਂਕਿ ਵਿਵਾਦ ਉਦੋਂ ਵੀ ਹੋਇਆ ਸੀ, ਕਿਉਂਕਿ ਪਹਿਲਾਂ ਜਾਂਚ ਟੀਮ ਦੇ ਮੁਖੀ ਪ੍ਰਬੋਧ ਕੁਮਾਰ ਉਹਨਾਂ ਤੋਂ ਪੁੱਛਗਿੱਛ ਲਈ ਨਹੀਂ ਪਹੁੰਚੇ ਸਨ, ਪਰ ਬਾਦਲ ਵੱਲੋਂ ਇਤਰਾਜ਼ ਜਤਾਏ ਜਾਣ ਤੋਂ ਬਾਅਦ ਪ੍ਰਬੋਧ ਕੁਮਾਰ ਉਥੇ ਪਹੁੰਚੇ, ਜਿਸ ਤੋਂ ਬਾਅਦ ਸਵਾਲ-ਜਵਾਬ ਦਾ ਸਿਲਸਿਲਾ ਸ਼ੁਰੂ ਹੋਇਆ।
ਪਿਛਲੀ SIT ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ।