ਡੇਰਾਬਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ 5ਵੇਂ ਉਮੀਦਵਾਰ ਦੇ ਨਾੰਅ ਦਾ ਐਲਾਨ ਕਰ ਦਿੱਤਾ ਗਿਆ। ਪਾਰਟੀ ਨੇ ਡੇਰਾਬਸੀ ਤੋਂ ਮੌਜੂਦਾ ਵਿਧਾਇਕ ਐਨ.ਕੇ. ਸ਼ਰਮਾ ਯਾਨੀ ਨਰਿੰਦਰ ਕੁਮਾਰ ਸ਼ਰਮਾ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਐਤਵਾਰ ਨੂੰ ਹਲਕੇ ‘ਚ ਰੈਲੀ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸ਼ਰਮਾ ਦੇ ਨਾੰਅ ਦਾ ਐਲਾਨ ਕੀਤਾ। ਸੁਬੇ ‘ਚ ਸਰਕਾਰ ਬਣਨ ‘ਤੇ ਐਨ.ਕੇ. ਸ਼ਰਮਾ ਨੂੰ ਮੰਤਰੀ ਬਣਾਏ ਜਾਣ ਦਾ ਵੀ ਸੁਖਬੀਰ ਬਾਦਲ ਨੇ ਐਲਾਨ ਕੀਤਾ।
ਲਗਾਤਾਰ ਤੀਜੀ ਵਾਰ ਚੋਣ ਪਿੜ ‘ਚ ਸ਼ਰਮਾ
ਐਨ.ਕੇ. ਸ਼ਰਮਾ ਡੇਰਾਬਸੀ ਤੋਂ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਹਨ। ਸ਼ਰਮਾ ਪਹਿਲੀ ਵਾਰ ਸਾਲ 2012 ‘ਚ ਅਕਾਲੀ ਦਲ ਦੀ ਟਿਕਟ ‘ਤੇ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ, ਜਿਸ ਦੌਰਾਨ ਉਹ ਮੁੱਖ ਪਾਰਲੀਮਾਨੀ ਸਕੱਤਰ ਵੀ ਰਹੇ। ਉਹ ਮੋਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ, ਆਪਣੇ ਜੱਦੀ ਪਿੰਡ ਲੋਹਗੜ੍ਹ ਦੇ ਸਰਪੰਚ ਅਤੇ ਨਗਰ ਕੌੰਸਲ ਜ਼ੀਰਕਪੁਰ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਸ਼ਰਮਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਹਿ ਚੁੱਕੇ ਹਨ। ਬਤੌਰ ਪ੍ਰਧਾਨ, ਉਹ ਜ਼ੀਰਕਪੁਰ ਦੇ ਸਪੋਰਟਸ ਕਲੱਬ “ਸਾਂਝ-ਦਿਲਾਂ ਦੀ” ਦਾ ਜ਼ਿੰਮਾ ਸੰਭਾਲ ਚੁੱਕੇ ਹਨ ਅਤੇ ਉਸ ਉਪਰੰਤ ਜ਼ੀਰਕਪੁਰ ਕੋਲੋਨਾਈਜ਼ਰ ਅਤੇ ਬਿਲਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਹਨ।