ਚੰਡੀਗੜ੍ਹ। ਪੰਜਾਬ ਦੀ ਕੈਪਟਨ ਸਰਕਾਰ ਨੂੰ ਸੱਤਾ ਸੰਭਾਲਿਆਂ 4 ਸਾਲ ਦਾ ਸਮਾਂ ਹੋ ਚੁੱਕਿਆ ਹੈ। ਇਹਨਾਂ 4 ਸਾਲਾਂ ‘ਚੋਂ ਕਰੀਬ ਸਵਾ 2 ਸਾਲ ਦਾ ਸਮਾਂ ਨਵਜੋਤ ਸਿੰਘ ਸਿੱਧੂ ਕੈਪਟਨ ਦੀ ਕੈਬਨਿਟ ਦਾ ਵੱਡਾ ਚਿਹਰਾ ਰਹੇ, ਪਰ ਜਿਵੇਂ ਹੀ ਕੈਬਨਿਟ ‘ਚ ਫੇਰਬਦਲ ਹੋਇਆ ਤਾਂ ਸਿੱਧੂ ਨੂੰ ਆਪਣਾ ਮਹਿਕਮਾ ਖੋਹਿਆ ਜਾਣਾ ਇੰਨਾ ਨਾਗਵਾਰ ਗੁਜ਼ਰਿਆ ਕਿ ਉਹਨਾਂ ਨੇ ਕੈਬਨਿਟ ਦਾ ਅਹੁਦਾ ਹੀ ਛੱਡਣ ਦਾ ਮਨ ਬਣਾ ਲਿਆ ਅਤੇ ਛੇਤੀ ਹੀ ਅਸਤੀਫ਼ਾ ਵੀ ਦੇ ਦਿੱਤਾ।
ਕਰੀਬ ਡੇਢ ਸਾਲ ਪਹਿਲਾਂ ਕੈਬਨਿਟ ਮੰਤਰੀ ਦਾ ਅਹੁਦਾ ਛੱਡਣ ਵਾਲੇ ਸਿੱਧੂ ਨੂੰ ਹੁਣ ਅਜਿਹੇ ਸਮੇਂ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਦੋਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਇਸਦੇ ਲਈ ਕੈਪਟਨ ਅਤੇ ਸਿੱਧੂ ਵਿਚਾਲੇ ਮੀਟਿੰਗਾਂ ਵੀ ਕਰਵਾਈਆਂ ਜਾ ਰਹੀਆਂ ਹਨ। ਹਾਲਾਂਕਿ ਇਹਨਾਂ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ। ਪਰ ਇਸ ਸਭ ਦੇ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ।
ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕੈਪਟਨ ਨੇ ਕਿਹਾ, “ਮੈਨੂੰ ਨਹੀਂ ਪਤਾ ਸਿੱਧੂ ਕੀ ਚਾਹੁੰਦੇ ਹਨ। ਸਿੱਧੂ ਨਾਲ ਮੇਰੀ 2 ਵਾਰ ਮੁਲਾਕਾਤ ਹੋਈ। ਮੈਂ ਉਹਨਾਂ ਨੂੰ ਸਰਕਾਰ ‘ਚ ਆਉਣ ਦੀ ਆਫ਼ਰ ਦਿੱਤੀ। ਮੈਂ ਤਾਂ ਪਹਿਲੇ ਦਿਨ ਤੋਂ ਹੀ ਉਹਨਾਂ ਲਈ ਪੌਰਟਫੌਲੀਓ ਰੱਖਿਆ ਹੋਇਆ ਹੈ। ਪਰ ਫ਼ੈਸਲਾ ਉਹਨਾਂ ਦਾ ਹੈ। ਜੇਕਰ ਦਿੱਲੀ ‘ਚ ਜਾ ਕੇ ਪਾਰਟੀ ਦੀ ਲੀਡਰਸ਼ਿਪ ਨਾਲ ਗੱਲ ਕਰਨੀ ਹੈ, ਤਾਂ ਕਰ ਲੈਣ। ਪਰ ਹੁਣ ਸਮਾਂ ਘੱਟ ਰਹਿ ਗਿਆ ਹੈ, ਕੋਈ ਮਨ ਤਾਂ ਬਣਾਉਣਾ ਹੀ ਹੋਵੇਗਾ।”
ਕਾਬਿਲੇਗੌਰ ਹੈ ਕਿ ਕੈਬਨਿਟ ਫੇਰਬਦਲ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਕੇ ਬਿਜਲੀ ਮਹਿਕਮਾ ਦਿੱਤਾ ਗਿਆ ਸੀ, ਜਿਸ ਤੋਂ ਖਫ਼ਾ ਸਿੱਧੂ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਚਰਚਾ ਇਹ ਹੈ ਕਿ ਸਿੱਧੂ ਜਾਂ ਤਾਂ ਆਪਣਾ ਸਥਾਨਕ ਸਰਕਾਰਾਂ ਵਿਭਾਗ ਹੀ ਵਾਪਸ ਚਾਹੁੰਦੇ ਹਨ, ਜਾਂ ਫਿਰ ਸੂਬੇ ‘ਚ ਉਪ ਮੁੱਖ ਮੰਤਰੀ ਦਾ ਅਹੁਦਾ ਚਾਹੁੰਦੇ ਹਨ।
ਓਧਰ ਨਵਜੋਤ ਸਿੰਘ ਸਿੱਧੂ ਰੋਜ਼ਾਨਾ ਇੱਕ ਤੋਂ ਬਾਅਦ ਇੱਕ ਟਵੀਟ ਕਰ ਸ਼ਾਇਰੀ ਜ਼ਰੀਏ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖ ਰਹੇ ਹਨ। ਸਿੱਧੂ ਦੀ ਸ਼ਾਇਰੀ ਦੀ ਭਾਸ਼ਾ ਸਮਝੀਏ ਤਾਂ ਉਹ ਕਹਿੰਦੇ ਹਨ ਕਿ ਉਹਨਾਂ ਨੇ ਕਦੇ ਆਪਣੇ ਲਈ ਕਿਸੇ ਅਹੁਦੇ ਦੀ ਮੰਗ ਨਹੀਂ ਕੀਤੀ। ਤਾਂ ਦੂਜੇ ਪਾਸੇ ਇਹ ਵੀ ਕਹਿੰਦੇ ਹਨ ਕਿ ਕੰਮ ਓਹੀ ਕਰਨ ਦਾ ਮਜ਼ਾ ਹੈ, ਜੋ ਲੋਕ ਕਹਿੰਦੇ ਹਨ ਤੁਸੀਂ ਨਹੀਂ ਕਰ ਸਕਦੇ। ਅਜਿਹੇ ਵਿੱਚ ਸਵਾਲ ਹਰ ਕਿਸੇ ਦੇ ਜ਼ਹਿਨ ‘ਚ ਇਹੀ ਹੈ ਕਿ ਆਖਰ ਸਿੱਧੂ ਚਾਹੁੰਦੇ ਕੀ ਹਨ। ਕੀ ਇਸ ਸਵਾਲ ਦਾ ਜਵਾਬ ਖੁਦ ਸਿੱਧੂ ਵੀ ਜਾਣਦੇ ਹਨ ?