ਬੁਢਲਾਡਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਪੰਜਾਬ ਭਰ ‘ਚ ਖੋਲ੍ਹੇ ਜਾ ਰਹੇ ਕੋਵਿਡ ਕੇਅਰ ਸੈਂਟਰਾਂ ਦੀ ਲੜੀ ‘ਚ ਇੱਕ ਹੋਰ ਸੈਂਟਰ ਜੁੜ ਗਿਆ। ਮਾਨਸਾ ਜ਼ਿਲ੍ਹੇ ‘ਚ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ SGPC ਨੇ 6ਵਾਂ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਹੈ, ਜਿਸਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ। ਇਸ ਸੈਂਟਰ ‘ਚ ਕੋਰੋਨਾ ਮਰੀਜ਼ਾਂ ਨੂੰ ਲੈਵਲ-1 ਅਤੇ ਲੈਵਲ-2 ਇਲਾਜ ਸਹੂਲਤਾਂ ਮਿਲਣਗੀਆਂ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਪ੍ਰਾਈਵੇਟ ਹਸਪਤਾਲਾਂ ‘ਚ ਮੁਫਤ ਇਲਾਜ ਦੀ ਆਪਣੀ ਮੰਗ ਦੋਹਰਾਈ ਅਤੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਵਾਰ-ਵਾਰ ਅਪੀਲ ਕੀਤੇ ਜਾਣ ਦੇ ਬਾਵਜੂਦ ਵੀ ਮੁੱਖ ਮੰਤਰੀ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਤੇ ਲੈਬਾਂ ਵਿਚ ਟੈਸਟਾਂ ਲਈ ਖਰਚ ਦੀ ਹੱਦ ਤੈਅ ਨਹੀਂ ਕੀਤੀ। ਇਹਨਾ ਸੰਸਥਾਵਾਂ ਵੱਲੋਂ ਮਰੀਜ਼ਾਂ ਦੀ ਲੁੱਟ ਰੋਕਣ ਲਈ ਕੁਝ ਵੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕੋਰੋਨਾ ਮਰੀਜ਼ ਇਸ ਕਰ ਕੇ ਆਪਣੇ ਘਰਾਂ ਵਿਚੋਂ ਨਹੀਂ ਨਿਕਲ ਰਹੇ, ਕਿਉਂਕਿ ਸਰਕਾਰੀ ਹਸਪਤਾਲਾਂ ਵਿਚ ਸਹੀ ਇਲਾਜ ਸਹੂਲਤਾਂ ਨਹੀਂ ਹਨ ਅਤੇ ਪ੍ਰਾਈਵੇਟ ਸੰਸਥਾਵਾਂ ਇੰਨਾ ਮਹਿੰਗਾ ਇਲਾਜ ਕਰਦੀਆਂ ਹਨ ਕਿ ਮਰੀਜ਼ ਇੰਨਾ ਖਰਚ ਨਹੀਂ ਚੁੱਕ ਸਕਦੇ।
ਉਹਨਾਂ ਕਿਹਾ, “ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਮਹਾਮਾਰੀ ਨੁੰ ਆਫਤ ਐਲਾਨ ਕੇ ਬਿਮਾਰੀ ਦਾ ਹੋਰ ਪਸਾਰ ਰੋਕਣ ਲਈ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਵੇ। ਉਹਨਾਂ ਨੇ ਕਾਂਗਰਸੀ ਵਿਧਾਇਕਾਂ ਨੂੰ ਵੀ ਕਿਹਾ ਕਿ ਉਹ ਮਨੁੱਖਤਾ ਦੇ ਭਲੇ ਲਈ ਅਜਿਹੀ ਹੀ ਮੰਗ ਕਰਨ। ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਸਰਕਾਰ ਤੁਹਾਡੀ ਸੁਣ ਲਵੇ ਤੇ ਲੋਕਾਂ ਦੇ ਬਚਾਅ ਵਿਚ ਨਿਤਰ ਆਵੇ।
ਬਲੈਕ ਫੰਗਸ ਦੇ ਟੀਕੇ ਮੁਫਤ ਦੇਣ ਦੀ ਮੰਗ
ਬਾਦਲ ਨੇ ਇਹ ਵੀ ਮੰਗ ਕੀਤੀ ਕਿ ਕਾਂਗਰਸ ਸਰਕਾਰ ਇਸੇ ਤਰੀਕੇ ਹੋਰ ਰਾਜ ਸਰਕਾਰਾਂ ਵੱਲੋਂ ਬਲੈਕ ਫੰਗਸ ਬਿਮਾਰੀ ਦੇ ਟਾਕਰੇ ਲਈ ਟੀਕੇ ਵੱਡੀ ਮਾਤਰਾ ਵਿਚ ਖਰੀਦੇ ਅਤੇ ਮਰੀਜ਼ਾਂ ਨੁੰ ਮੁਫਤ ਦੇਵੇ। ਉਹਨਾਂ ਕਿਹਾ ਕਿ ਬਲੈਕ ਫੰਗਸ ਦੇ ਕੇਸ ਵੱਧ ਰਹੇ ਹਨ ਅਤੇ ਇਹਨਾਂ ਨਾਲ ਉਹਨਾਂ ਟੀਕਿਆਂ ਨਾਲ ਹੀ ਨਜਿੱਠਿਆ ਜਾ ਸਕਦਾ ਹੈ ਜਿਹਨਾਂ ਦੀ ਕੀਮਤ 10 ਹਜ਼ਾਰ ਰੁਪਏ ਪ੍ਰਤੀ ਡੋਜ਼ ਪ੍ਰਤੀ ਦਿਨ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਇਸ ਬਿਮਾਰੀ ਦਾ ਸਹੀ ਇਲਾਜ ਨਹੀਂ ਹੋ ਰਿਹਾ।