Home Politics ਕੈਪਟਨ ਦੀ ਬੀਜੇਪੀ ਆਗੂਆਂ ਨਾਲ ਮੁਲਾਕਾਤ 'ਤੇ ਸੁਖਬੀਰ ਨੇ ਚੁੱਕੇ ਸਵਾਲ...ਬੋਲੇ, "ਪੰਜਾਬ...

ਕੈਪਟਨ ਦੀ ਬੀਜੇਪੀ ਆਗੂਆਂ ਨਾਲ ਮੁਲਾਕਾਤ ‘ਤੇ ਸੁਖਬੀਰ ਨੇ ਚੁੱਕੇ ਸਵਾਲ…ਬੋਲੇ, “ਪੰਜਾਬ ‘ਚ ਕਾਂਗਰਸ ਨਹੀਂ, ਬੀਜੇਪੀ ਦੀ ਸਰਕਾਰ”

ਚੰਡੀਗੜ੍ਹ। ਪੰਜਾਬ ਬੀਜੇਪੀ ਦੇ ਆਗੂਆਂ ਦੀ ਸੀਐੱਮ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਨੂੰ ਲੈ ਕੇ ਨਵਾਂ ਸਿਆਸੀ ਬਵਾਲ ਛਿੜ ਗਿਆ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਲੈ ਕੇ ਸੀਐੱਮ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਸੀਐੱਮ ਕੋਲ ਬੀਜੇਪੀ ਆਗੂਆਂ ਦੀ ਮੇਜ਼ਬਾਨੀ ਕਰਨ ਦਾ ਵਕਤ ਹੈ, ਪਰ ਪੰਜਾਬ ਦੇ ਸੰਘਰਸ਼ ਕਰਨ ਵਾਲੇ ਲੋਕਾਂ ਦੀ ਸੁਣਵਾਈ ਲਈ ਕੈਪਟਨ ਕੋਲ ਸਮਾਂ ਨਹੀਂ ਹੈ।

ਬੀਜੇਪੀ ਦੀ ਸਰਕਾਰ ਚਲਾ ਰਹੇ ਕੈਪਟਨ- ਸੁਖਬੀਰ

ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮੁਲਾਕਾਤ ਤੋਂ ਸਾਫ ਹੈ ਕਿ ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਅਸਿੱਧੇ ਤੌਰ ’ਤੇ ਬੀਜੇਪੀ ਦੀ ਸਰਕਾਰ ਚਲਾ ਰਹੇ ਹਨ ਅਤੇ ਪੰਜਾਬੀਆਂ ਦੀ ਅਗਵਾਈ ਨਹੀਂ ਕਰਦੇ, ਜਿਹਨਾਂ ਨਾਲ ਉਹਨਾਂ ਨੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਧੋਖਾ ਕੀਤਾ। ਉਹਨਾਂ ਕਿਹਾ ਕਿ ਉਹਨਾਂ ਕੋਲ ਸਿਰਫ ਸੂਬੇ ਦੇ ਬੀਜੇਪੀ ਆਗੂਆਂ ਵਾਸਤੇ ਸਮਾਂ ਹੈ।  ਇੱਕ ਹੇਠਲੇ ਪੱਧਰ ਦਾ ਬੀਜੇਪੀ ਵਰਕਰ ਵੀ ਸਿੱਧਾ ਉਹਨਾਂ ਦੇ ਦਫਤਰ ਜਾਂ ਰਿਹਾਇਸ਼ ਵਿਚ ਜਾ ਵੜ੍ਹਦਾ ਹੈ। ਹਾਲਾਂਕਿ ਉਹਨਾਂ ਦੀ ਸਰਕਾਰ ਜਾਂ ਪਾਰਟੀ ਦੇ ਸਾਥੀਆਂ ਵਿਚ ਅਜਿਹਾ ਕਰਨ ਦੀ ਜੁਰੱਅਤ ਨਹੀਂ ਹੈ।

‘ਕੈਪਟਨ ਨੂੰ ਆਪਣੇ ਆਗੂਆਂ ਦੀ ਵੀ ਪਰਵਾਹ ਨਹੀਂ’

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਮੁੱਖ ਮੰਤਰੀ ਦੀ ਕੇਂਦਰ ਦੀ ਬੀਜੇਪੀ ਸਰਕਾਰ ਨਾਲ ਨੇੜਤਾ ਹੈ, ਜਿਸ ਕਾਰਨ ਉਹ ਆਪਣੀ ਪਾਰਟੀ ਦੇ ਆਗੂਆਂ ਦੀ ਵੀ ਪਰਵਾਹ ਨਹੀਂ ਕਰਦੇ। ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਲੋਕਾਂ ਪ੍ਰਤੀ ਰਵੱਈਆ ਦਿੱਲੀ ਵਿੱਚ ਤਾਕਤਵਰ, ਬਲਵਾਨ ਤੇ ਉਹਨਾਂ ਦੇ ਸਥਾਨਕ ਚੇਲਿਆਂ ਪ੍ਰਤੀ ਰਵੱਈਏ ਤੋਂ ਐਨ ਉਲਟ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਲੋਕਾਂ ਦੀ ਆਵਾਜ਼ ਸੁਣਨ ਨਾਲੋਂ ਦਿੱਲੀ ਵਿਚ ਆਪਣੇ ਆਕਾ ਦਾ ਹੁਕਮ ਮੰਨਣਾ ਜ਼ਿਆਦਾ ਚੰਗਾ ਸਮਝਦੇ ਹਨ। ਉਹਨਾਂ ਕਿਹਾ ਕਿ ਉਹ ਸਪਸ਼ਟ ਤੌਰ ’ਤੇ ਜੀ ਹਾਂ ਹਜ਼ੂਰ ਦੇ ਸਭਿਆਚਾਰ ਦੇ ਪ੍ਰਤੀਨਿਧ ਹਨ।

‘ਆਮ ਲੋਕਾਂ ਲਈ ਕੈਪਟਨ ਕੋਲ ਵਕਤ ਨਹੀਂ’

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ ਸਮਾਜ ਦੇ ਹਰ ਵਰਗ ਦੇ ਲੋਕ ਆਪਣੇ ਹੱਕਾਂ ਲਈ ਲੜਨ ਤੇ ਤਪਦੀ ਧੁੱਪ ਵਿਚ ਸੜਕਾਂ ’ਤੇ ਨਿਤਰਣ ਲਈ ਮਜਬੂਰ ਹਨ ਤੇ ਮੁੱਖ ਮੰਤਰੀ ਆਪਣੇ ਐਸ਼ੋ ਅਰਾਮ ਵਾਲੇ ਘਰ ਤੋਂ ਸਿਰਫ ਕੁਝ ਕਦਮ ਦੂਰ ਬੈਠੇ ਇਹਨਾਂ ਲੋਕਾਂ ਨੁੰ ਮਿਲਣ ਲਈ ਏਅਰ ਕੰਡੀਸ਼ਨ ਕਮਰੇ ਵਿਚੋਂ ਨਿਕਲਣ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਲੋਕਾਂ ਨੁੰ ਆਪਣੇ ਹਾਲ ’ਤੇ ਰੋਣ ਲਈ ਛੱਡ ਦਿੱਤਾ ਗਿਆ ਹੈ ।

‘ਬੀਜੇਪੀ ਨਾਲ ਕੈਪਟਨ ਦਾ ਗੁਪਤ ਸਮਝੌਤਾ’

ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਅਸੀਂ ਕਿਹਾ ਸੀ ਕਿ ਕਿਸਾਨ ਸੰਘਰਸ਼ ਦੇ ਮਾਮਲੇ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਬੀਜੇਪੀ ਨਾਲ ਗੁਪਤ ਸਾਂਝ ਹੈ ਤਾਂ ਕੁਝ ਲੋਕਾਂ ਨੇ ਸਾਡੇ ’ਤੇ ਵਿਸ਼ਵਾਸ ਨਹੀਂ ਕੀਤਾ ਸੀ ਤੇ ਹੁਣ ਇਹਨਾਂ ਨੇ ਅਸਲੀਅਤ ਨੂੰ ਪਛਾਣ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਆਖ ਰਹੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਖੇਤੀ ਬਿੱਲ ਪੰਜਾਬ ਵਿਚ ਤਿਆਰ ਕਰਕੇ ਕਿਸਾਨਾਂ ਨੂੰ ਧੋਖਾ ਦਿੱਤਾ ਤੇ ਇਹੀ ਬਾਅਦ ਵਿਚ ਦਿੱਲੀ ਵਿਚ ਬੀਜੇਪੀ ਨੇ ਬਣਾ ਲਏ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਹੁਣ ਆਪਣੇ ਐਕਟ ਰੱਦ ਵੀ ਕਰ ਦਿੰਦੀ ਹੈ ਤਾਂ ਵੀ ਪੰਜਾਬ ਦੇ ਕਾਨੂੰਨ ਤਾਂ ਲਾਗੂ ਰਹਿਣਗੇ। ਇਹ ਬੀਜੇਪੀ ਨਾਲ ਹੋਏ ਗੁਪਤ ਸਮਝੌਤੇ ਦੀ ਵੀ ਇੱਕ ਸ਼ਰਤ ਸੀ।

ਕੈਪਟਨ ਨੂੰ ਕਿਉਂ ਮਿਲੇ ਸਨ ਬੀਜੇਪੀ ਆਗੂ ?

ਪੰਜਾਬ ਬੀਜੇਪੀ ਦੇ ਆਗੂਆਂ ਨੇ ਸੋਮਵਾਰ ਨੂੰ ਸੀਐੱਮ ਕੈਪਟਨ ਨਾਲ ਰਾਜਪੁਰਾ ਕਾਂਡ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਦਰਅਸਲ, ਰਾਜਪੁਰਾ ‘ਚ ਕਈ ਬੀਜੇਪੀ ਆਗੂਆਂ ਨੂੰ ਕਿਸਾਨਾਂ ਨੇ ਘੰਟਿਆਂ ਤੱਕ ਬੰਧਕ ਬਣਾ ਕੇ ਰੱਖਿਆ ਸੀ। ਹਾਲਾਂਕਿ ਪ੍ਰਸ਼ਾਸਨ ਨੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪਰ ਜਿਸ ਤਰ੍ਹਾਂ ਪੂਰਾ ਬਵਾਲ ਹੋਇਆ, ਉਸ ਤੋਂ ਭੜਕੀ ਬੀਜੇਪੀ ਨੇ ਸੋਮਵਾਰ ਨੂੰ ਚੰਡੀਗੜ੍ਹ ‘ਚ ਕੈਪਟਨ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਅਤੇ ਬਾਅਦ ‘ਚ ਕੈਪਟਨ ਨਾਸ ਮੁਲਾਕਾਤ ਕਰਕੇ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਕੈਪਟਨ ਨੇ ਵੀ ਬੀਜੇਪੀ ਆਗੂਆਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਸੀ ਅਤੇ ਇਸ ਮੁਲਾਕਾਤ ਦੇ ਅਗਲੇ ਹੀ ਦਿਨ ਸਰਕਾਰ ਨੇ 100 ਤੋਂ ਵੱਧ ਕਿਸਾਨਾਂ ‘ਤੇ ਕੇਸ ਵੀ ਦਰਜ ਕਰ ਲਏ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments