ਚੰਡੀਗੜ੍ਹ। ਪੰਜਾਬ ‘ਚ ਕਥਿਤ ਵੈਕਸੀਨੇਸ਼ਨ ਘੁਟਾਲੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਿਸ਼ਾਨੇ ‘ਤੇ ਆਈ ਕਾਂਗਰਸ ਨੇ ਹੁਣ ਕੇਂਦਰ ‘ਤੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਇੰਤਜ਼ਾਮਾਂ ਨੂੰ ਲੈ ਕੇ ਹਮਲਾ ਬੋਲਿਆ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ, “ਕੇਂਦਰ ਸਰਕਾਰ ਨੇ ਮਹਾਂਮਾਰੀ ‘ਤੇ ਕੰਟਰੋਲ ਕਰਨ, ਲੋਕਾਂ ਨੂੰ ਵੈਕਸੀਨ ਦੇਣ ਤੋਂ ਪੂਰੀ ਤਰਾਂ ਨਾਲ ਪੱਲਾ ਝਾੜ ਲਿਆ ਹੈ ਅਤੇ ਲੋਕਾਂ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਹੈ। ਇਸ ਲਈ ਸਰਕਾਰ ਅਪਰਾਧਿਕ ਕੁਪ੍ਰਬੰਧਨ ਦੀ ਦੋਸ਼ੀ ਹੈ।”
ਰਾਸ਼ਟਰਪਤੀ ਨੂੰ ਭੇਜਿਆ ਮੰਗ-ਪੱਤਰ
ਜਾਖੜ ਨੇ ਦੱਸਿਆ ਕਿ ਦੇਸ਼ ਦੇ ਸਾਰੇ ਨਾਗਰਿਕਾਂ ਲਈ ਵੈਕਸੀਨ ਦੀ ਮੰਗ ਸਬੰਧੀ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਭੇਜਿਆ ਗਿਆ ਹੈ। ਉਨਾਂ ਨੇ ਕਿਹਾ ਕਿ ਇਹ ਮੰਗ ਪੱਤਰ ਸੂਬੇ ਦੇ ਰਾਜਪਾਲ ਦੇ ਜ਼ਰੀਏ ਭੇਜਿਆ ਗਿਆ ਹੈ। ਰਾਜਪਾਲ ਦੇ ਚੰਡੀਗੜ੍ਹ ਤੋਂ ਬਾਹਰ ਹੋਣ ਕਾਰਨ ਮੰਗ-ਪੱਤਰ ਉਨਾਂ ਦੇ ਦਫ਼ਤਰ ਵਿਖੇ ਦਿੱਤਾ ਗਿਆ। ਇਸ ਤੋਂ ਬਿਨਾਂ ਪਾਰਟੀ ਦੀਆਂ ਜ਼ਿਲਾ ਇਕਾਈਆਂ ਵੱਲੋਂ ਡਿਪਟੀ ਕਮਿਸ਼ਨਰਾਂ ਦੇ ਮਾਰਫ਼ਤ ਅਜਿਹਾ ਹੀ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਿਆ ਗਿਆ ਹੈ।
‘ਕੇਂਦਰ ਨੇ ਇੱਕ ਤੋਂ ਬਾਅਦ ਇੱਕ ਭੁੱਲ ਕੀਤੀ’
ਸੂਬਾ ਕਾਂਗਰਸ ਪ੍ਰਧਾਨ ਨੇ ਦੱਸਿਆ ਕਿ ਮੋਦੀ ਸਰਕਾਰ ਦੀ ਵੈਕਸੀਨ ਨੀਤੀ ਇੱਕ ਤੋਂ ਬਾਅਦ ਇੱਕ, ਕੀਤੀਆਂ ਅਨੇਕਾਂ ਭੁੱਲਾਂ ਦਾ ਸਮੂਹ ਹੈ। ਬੀਜੇਪੀ ਸਰਕਾਰ ਨੇ ਕੌਮੀ ਵੈਕਸੀਨ ਨੀਤੀ ਬਣਾਉਣ ਦਾ ਆਪਣਾ ਕਰੱਤਵ ਭੁਲਾ ਦਿੱਤਾ ਹੈ। ਵੱਖ-ਵੱਖ ਕੀਮਤਾਂ ਦੇ ਸਲੈਬ, ਡਿਜੀਟਲ ਤਰੀਕੇ ਨਾਲ ਧੀਮੀ ਰਫਤਾਰ ਕਰਨਾ, ਵੈਕਸੀਨ ਦਾ ਆਰਡਰ ਸਮੇਂ ਸਿਰ ਨਾ ਦੇਣਾ, ਵੇਲਾ ਰਹਿੰਦਿਆਂ ਵੈਕਸੀਨੇਸਨ ਕਰਨ ਦੀ ਬਜਾਏ ਵੈਕਸੀਨ ਦਾ ਨਿਰਯਾਤ ਕਰਨਾ ਆਦਿ ਕੇਂਦਰ ਸਰਕਾਰ ਦੀਆਂ ਵੱਡੀਆਂ ਭੁੱਲਾਂ ਹਨ। ਇਸੇ ਹੀ ਕਾਰਨ ਹਾਲੇ ਸਿਰਫ 3.17 ਫੀਸਦੀ ਅਬਾਦੀ ਨੂੰ ਹੀ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਮਿਲ ਪਾਈਆਂ ਹਨ। ਜੇਕਰ ਇਸੇ ਰਫ਼ਤਾਰ ਨਾਲ ਮੋਦੀ ਸਰਕਾਰ ਚੱਲਦੀ ਰਹੀ ਤਾਂ ਪੂਰੀ ਅਬਾਦੀ ਨੂੰ ਵੈਕਸੀਨ ਲਗਾਉਣ ਵਿਚ 3 ਸਾਲ ਦਾ ਸਮਾਂ ਲੱਗ ਜਾਵੇਗਾ।
ਵੈਕਸੀਨ ਦੀਆਂ ਕੀਮਤਾਂ ‘ਤੇ ਚੁੱਕੇ ਸਵਾਲ
ਵੈਕਸੀਨ ਦੀਆਂ ਤਿੰਨ ਕੀਮਤਾਂ ਦੀ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਕੋਵੀਸ਼ੀਲਡ ਦੀ ਇੱਕ ਡੋਜ਼ 150 ਰੁਪਏ ਵਿੱਚ ਖਰੀਦ ਕਰਦੀ ਹੈ, ਸੂਬਾ ਸਰਕਾਰ ਲਈ ਉਸਦੀ ਕੀਮਤ 300 ਰੁਪਏ ਹੈ ਅਤੇ ਨਿੱਜੀ ਹਸਪਤਾਲਾਂ ਲਈ ਉਸਦੀ ਕੀਮਤ 600 ਰੁਪਏ ਹੈ। ਜਦ ਕਿ ਕੋਵੈਕਸੀਨ ਦੀ ਇਕ ਖੁਰਾਕ ਮੋਦੀ ਸਰਕਾਰ 150 ਰੁਪਏ ਵਿਚ ਖਰੀਦ ਕਰਦੀ ਹੈ, ਰਾਜ ਸਰਕਾਰਾਂ ਨੂੰ ਇਹ 600 ਰੁਪਏ ਵਿੱਚ ਮਿਲਦੀ ਹੈ ਅਤੇ ਨਿੱਜੀ ਹਸਪਤਾਲਾਂ ਨੂੰ 1200 ਰੁਪਏ ਵਿੱਚ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਤਿੰਨ ਕੀਮਤਾਂ ਤੈਅ ਕਰਨਾ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਹੈ।
ਹਰ ਰੋਜ਼ 1 ਕਰੋੜ ਵੈਕਸੀਨ ਲੱਗੇ- ਜਾਖੜ
ਇਸ ਲਈ ਕਾਂਗਰਸ ਪਾਰਟੀ ਨੇ ਮੰਗ ਕੀਤੀ ਹੈ ਕਿ ਹਰ ਰੋਜ ਦੇਸ਼ ਵਿੱਚ 1 ਕਰੋੜ ਲੋਕਾਂ ਨੂੰ ਵੈਕਸੀਨ ਲਗਾਈ ਜਾਵੇ ਅਤੇ ਕੇਂਦਰ ਸਰਕਾਰ ਸਾਰੇ ਲੋਕਾਂ ਲਈ ਮੁਫ਼ਤ ਵਿਚ ਸੂਬਿਆਂ ਨੂੰ ਵੈਕਸੀਨ ਮੁਹਈਆ ਕਰਵਾਏ। ਉਨਾਂ ਨੇ ਕਿਹਾ ਕਿ ਕਰੋਨਾ ‘ਤੇ ਫਤਿਹ ਹਾਸਲ ਕਰਨ ਦਾ ਇਹੀ ਇਕ ਤਰੀਕਾ ਹੈ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਵੇਲੇ ਲੋਕਾਂ ਦੇ ਹਿੱਤ ਵਿਚ ਸੋਚਣਾ ਚਾਹੀਦਾ ਹੈ ਨਾ ਕਿ ਵੈਕਸੀਨ ਨਿਰਮਾਤਾ ਕੰਪਨੀਆਂ ਬਾਰੇ।