ਚੰਡੀਗੜ੍ਹ। ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ‘ਤੇ ਜਾਰੀ ਕਿਸਾਨ ਅੰਦੋਲਨ ਨੂੰ 7 ਮਹੀਨੇ ਪੂਰੇ ਹੋ ਗਏ ਹਨ। ਅੰਦੋਲਨ ਦੇ 7 ਮਹੀਨੇ ਪੂਰੇ ਹੋਣ ‘ਤੇ ਕਿਸਾਨਾਂ ਵੱਲੋਂ ਦੇਸ਼ ਭਰ ‘ਚ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਦੇਸ਼ ਦੀਆਂ ਤਮਾਮ ਰਾਜਧਾਨੀਆਂ ‘ਚ ਕਿਸਾਨਾਂ ਨੇ ਗਵਰਨਰ ਹਾਊਸਿਜ਼ ਦਾ ਘੇਰਾਓ ਕੀਤਾ ਅਤੇ ਰਾਸ਼ਟਰਪਤੀ ਦੇ ਨਾੰਅ ਰਾਜਪਾਲਾਂ ਨੂੰ ਮੰਗ-ਪੱਤਰ ਸੌੰਪਿਆ।
ਕਿਸਾਨ ਅੰਦੋਲਨ ‘ਚ ਸਭ ਤੋਂ ਮੋਹਰੀ ਪੰਜਾਬ ਦੇ ਕਿਸਾਨ ਸ਼ਨੀਵਾਰ ਸਵੇਰੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋਏ, ਜਿਥੋਂ ਇਹਨਾਂ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੂਚ ਕੀਤਾ।
ਚੰਡੀਗੜ੍ਹ ਵੱਲ ਵੱਧ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾਂ ਵੀ ਛੱਡੀਆਂ।
ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ। ਪੁਲਿਸ ਦੀ ਇਸ ਕਾਰਵਾਈ ਦੀ ਕਿਸਾਨਾਂ ਵੱਲੋਂ ਭਰਪੂਰ ਨਿੰਦਾ ਕੀਤੀ ਗਈ।
ਪੁਲਸੀਆ ਕਾਰਵਾਈ ਦੇ ਬਾਵਜੂਦ ਕਿਸਾਨ ਪਿੱਛੇ ਨਹੀਂ ਹਟੇ ਅਤੇ ਅਤੇ ਬੈਰੀਕੇਡ ਤੋੜ ਕੇ ਅੱਗੇ ਵੱਧ ਗਏ। ਇੰਨਾ ਹੀ ਨਹੀਂ, ਕਿਸਾਨਾਂ ਵੱਲੋਂ ਵਾਟਰ ਕੈਨਨ ਵਾਲੀ ਗੱਡੀ ‘ਤੇ ਚੜ੍ਹ ਕੇ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ।
ਇਸ ਉਪਰੰਤ ਚੰਡੀਗੜ੍ਹ-ਮੋਹਾਲੀ ਬਾਰਡਰ ਤੋਂ ਪੈਦਲ ਮਾਰਚ ਕਰਦੇ ਹੋਏ ਕਿਸਾਨ ਸੈਕਟਰ-17 ਤੱਕ ਪਹੁੰਚੇ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਹਰਮੀਤ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ ਸਣੇ ਕਈ ਕਿਸਾਨ ਆਗੂ ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ।
ਸੈਕਟਰ-17 ‘ਚ ਪਹੁੰਚੇ ਕਿਸਾਨਾਂ ਨੂੰ ਪੁਲਿਸ ਨੇ ਇਥੇ ਰੋਕ ਲਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਇਥੇ ਹੀ ਸਬੰਧਤ ਅਧਿਕਾਰੀਆਂ ਨੂੰ ਮੰਗ-ਪੱਤਰ ਸੌੰਪਿਆ।
ਓਧਰ ਹਰਿਆਣਾ ਦੇ ਕਿਸਾਨਾਂ ਦਾ ਇੱਕ ਵੱਡਾ ਕਾਫਿਲਾ ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਤੋਂ ਚੰਡੀਗੜ੍ਹ ਵੱਲ ਵਧਿਆ। ਇਸ ਕਾਫਿਲੇ ਦੀ ਅਗਵਾਈ ਗੁਰਨਾਮ ਸਿੰਘ ਚਢੂਨੀ ਅਤੇ ਯੋਗੇਂਦਰ ਯਾਦਵ ਕਰ ਰਹੇ ਸਨ।
ਪੁਲਿਸ ਨੇ ਇਹਨਾਂ ਨੂੰ ਬਾਰਡਰ ‘ਤੇ ਹੀ ਰੋਕ ਲਿਆ, ਜਿਸ ਤੋਂ ਬਾਅਦ ਇਹਨਾਂ ਆਗੂਆਂ ਨੇ ਉਥੇ ਹੀ ਸ਼ਾਂਤੀਪੂਰਵਕ ਧਰਨਾ ਸ਼ੁਰੂ ਕਰ ਦਿੱਤਾ। ਬਾਅਦ ‘ਚ ਧਰਨੇ ਵਾਲੀ ਥਾਂ ‘ਤੇ ਪਹੁੰਚੇ ਇੱਕ ਅਧਿਕਾਰੀ ਨੇ ਇਹਨਾਂ ਨੂੰ ਮੰਗ-ਪੱਤਰ ਸੌੰਪਿਆ।
ਪੰਜਾਬ-ਹਰਿਆਣਾ ਦੀ ਤਰ੍ਹਾਂ ਹੀ ਦੇਸ਼ ਦੇ ਹੋਰਨਾਂ ਹਿੱਸਿਆਂ ‘ਚ ਵੀ ਕਿਸਾਨ ਸੜਕਾਂ ‘ਤੇ ਉਤਰੇ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਰਾਸ਼ਟਰਪਤੀ ਦੇ ਨਾੰਅ ਮੰਗ-ਪੱਤਰ ਸੌੰਪਿਆ। ਕਿਸਾਨਾਂ ਦੇ ਇਹਨਾਂ ਪ੍ਰਦਰਸ਼ਨਾਂ ਦੌਰਾਨ ਕਈ ਥਾਂ ਛਬੀਲ ਤੇ ਲੰਗਰ ਦਾ ਇੰਤਜ਼ਾਮ ਵੇਖਣ ਨੂੰ ਮਿਲਿਆ।