ਦੇਸ਼ ‘ਚ ਕੋਰੋਨਾ ਦੇ ਵਧਦੇ ਕਹਿਰ ਵਿਚਾਲੇ ਹੋਲੀ ਦਾ ਤਿਓਹਾਰ ਪੂਰੀ ਧੂਮਧਾਮ ਨਾਲ ਮਨਾਇਆ ਗਿਆ। ਹਾਲਾਂਕਿ ਪਾਬੰਦੀਆਂ ਦੇ ਚਲਦੇ ਪਹਿਲਾਂ ਵਰਗਾ ਰੰਗ ਤਾਂ ਨਹੀ ਵਿਖਿਆ, ਪਰ ਕਈ ਥਾਈਂ ਲੋਕਾਂ ਦਾ ਉਤਸ਼ਾਹ ਵੇਖਣ ਲਾਇਕ ਸੀ। ਕੁਝ ਤਸਵੀਰਾਂ ਦੇ ਜ਼ਰੀਏ ਵੇਖੋ ਹੋਲੀ ਦੇ ਵੱਖੋ-ਵੱਖਰੇ ਰੰਗ।
ਸਿੱਖਾਂ ਲਈ ਹੋਲੀ ਦਾ ਖਾਸ ਮਹੱਤਵ ਹੈ। ਕਿਉਂਕਿ ਇਸ ਦਿਨ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ‘ਚ ਨਿਹੰਗ ਸਿੰਘਾਂ ਵੱਲੋਂ ਮਹੱਲਾ ਸਜਾਇਆ ਜਾਂਦਾ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ‘ਚ 3 ਦਿਨਾਂ ਤੱਕ ਹੋਲਾ-ਮਹੱਲਾ ਮਨਾਇਆ ਜਾਂਦਾ ਹੈ, ਜਿਸ ‘ਚ ਵੱਡੀ ਗਿਣਤੀ ਸੰਗਤ ਹਾਜ਼ਰੀ ਭਰਦੀ ਹੈ। ਇਸ ਵਾਰ ਵੀ ਅਨੰਦਪੁਰ ਸਾਹਿਬ ‘ਚ ਹੋਲਾ-ਮਹੱਲਾ ਮੌਕੇ ਸੰਗਤਾਂ ‘ਚ ਜ਼ਬਰਦਸਤ ਉਤਸ਼ਾਹ ਨਜ਼ਰ ਆਇਆ।
ਪੰਜਾਬ ਦੇ ਹੋਰਨਾਂ ਹਿੱਸਿਆਂ ‘ਚ ਵੀ ਹੋਲੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਅੰਮ੍ਰਿਤਸਰ ‘ਚ ਲੋਕ ਕੁਝ ਇਸ ਤਰ੍ਹਾਂ ਹੋਲੀ ਦੇ ਰੰਗ ‘ਚ ਰੰਗੇ ਨਜ਼ਰ ਆਏ।
ਅੰਮ੍ਰਿਤਸਰ ਦੇ ਇਤਿਹਾਸਕ ਦੁਰਗਿਆਣਾ ਮੰਦਰ ‘ਚ ਵੀ ਲੋਕਾਂ ਨੇ ਇੱਕ-ਦੂਜੇ ਨੂੰ ਰੰਗ ਲਾ ਕੇ ਹੋਲੀ ਦਾ ਤਿਓਹਾਰ ਮਨਾਇਆ ਗਿਆ।
ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ 4 ਮਹੀਨਿਆਂ ਤੋਂ ਧਰਨੇ ‘ਤੇ ਬੈਠੇ ਕਿਸਾਨਾਂ ਨੇ ਵੀ ਹੋਲੀ ਮਨਾਈ। ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਪਰੰਪਰਾਗਤ ਗੀਤਾਂ ‘ਤੇ ਝੂਮਦੇ ਨਜ਼ਰ ਆਏ।
ਓਧਰ ਸਿੰਘੂ ਬਾਰਡਰ ‘ਤੇ ਵੀ ਕਿਸਾਨਾਂ ਵੱਲੋਂ ਹੋਲੀ ਖੇਡੀ ਗਈ। ਪੰਜਾਬ ਤੇ ਹਰਿਆਣਾ ਦੇ ਕਿਸਾਨ ਇੱਕ-ਦੂਜੇ ਦੇ ਰੰਗ ‘ਚ ਰੰਗੇ ਨਜ਼ਰ ਆਏ। ਸਥਾਨਕ ਮਹਿਲਾਵਾਂ ਨੇ ਕਿਸਾਨਾਂ ਨਾਲ ਹਰਿਆਣਾ ਦੀ ਪਰੰਪਰਾਗਤ ਲਠਮਾਰ ਹੋਲੀ ਵੀ ਖੇਡੀ।
ਇਸ ਤੋਂ ਪਹਿਲਾਂ ਬੀਤੇ ਦਿਨ ਕਿਸਾਨਾਂ ਨੇ ਹੋਲਿਕਾ ਦਹਿਨ ਦੇ ਜ਼ਰੀਏ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਵੀ ਜਤਾਇਆ।
ਭਗਵਾਨ ਸ੍ਰੀ ਕ੍ਰਿਸ਼ਨ ਦੀ ਨਗਰੀ ਮਥੁਰਾ ‘ਚ ਹੋਲੀ ਦੇ ਮੌਕੇ ਭਗਤਾਂ ਦਾ ਹਜ਼ੂਮ ਨਜ਼ਰ ਆਇਆ। ਰੰਗਾਂ ‘ਚ ਰੰਗੇ ਭਗਤਾਂ ਨੇ ਕਿਸ਼ਨ ਕਨਹਈਆ ਦੇ ਦਰਸ਼ਨ ਕਰ ਜੰਮ ਕੇ ਹੋਲੀ ਮਨਾਈ।
ਵਰਿੰਦਾਵਨ ‘ਚ ਵੀ ਕ੍ਰਿਸ਼ਨ ਦੇ ਭਗਤਾਂ ‘ਚ ਜ਼ਬਰਦਸਤ ਉਤਸ਼ਾਹ ਨਜ਼ਰ ਆਇਆ। ਰੰਗ-ਗੁਲਾਲ ਦੇ ਨਾਲ ਭਗਤ ਝੂਮਦੇ ਨਜ਼ਰ ਆਏ।
ਮੱਧ ਪ੍ਰਦੇਸ਼ ‘ਚ ਮਹਾਕਾਲ ਦੀ ਨਗਰੀ ਉੱਜੈਨ ‘ਚ ਵੀ ਹੋਲੀ ਦਾ ਜ਼ਬਰਦਸਤ ਉਤਸ਼ਾਹ ਵਿਖਿਆ। ਮਹਾਕਾਲ ਦੀ ਪੂਜਾ-ਅਰਚਨਾ ਦੇ ਨਾਲ ਹੋਲੀ ਦੇ ਤਿਓਹਾਰ ਦੀ ਸ਼ੁਰੂਆਤ ਹੋਈ ਅਤੇ ਭਗਤ ਮਹਾਕਾਲ ਦੀ ਭਗਤੀ ‘ਚ ਮਗਨ ਨਜ਼ਰ ਆਏ।
ਰਾਜਧਾਨੀ ਦਿੱਲੀ ‘ਚ ਇਸ ਵਾਰ ਹੋਲੀ ਬੇਰੰਗ ਨਜ਼ਰ ਆਈ। ਤਸਵੀਰ ਕਨੌਟ ਪਲੇਸ ਦੀ ਹੈ, ਜਿਥੇ ਹੋਲੀ ਦੇ ਦਿਨ ਸੰਨਾਟਾ ਪਸਰਿਆ ਨਜ਼ਰ ਆਇਆ। ਆਮ ਤੌਰ ‘ਤੇ ਹਰ ਸਾਲ ਹੋਲੀ ਮੌਕੇ ਕਨੌਟ ਪਲੇਸ ‘ਤੇ ਰੌਣਕ ਨਜ਼ਰ ਆਉਂਦੀ ਹੈ।