ਚੰਡੀਗੜ੍ਹ। ਅੰਗ੍ਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈੱਸ ਵੱਲੋਂ ਸਾਲ 2021 ਲਈ ਭਾਰਤ ਦੇ 100 ਸਭ ਤੋਂ ਤਾਕਤਵਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੇ-ਵੱਡਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਣੇ ਕਈ ਆਗੂਆਂ ਨੂੰ ਪਿੱਛੇ ਛੱਡ ਕੈਪਟਨ ਨੇ ਇਸ ਸੂਚੀ ‘ਚ 15ਵਾਂ ਸਥਾਨ ਹਾਸਿਲ ਕੀਤਾ ਹੈ।
ਕੈਪਟਨ ਨੂੰ 15ਵਾਂ ਸਥਾਨ ਦੇਣ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਸੂਬੇ ਨੂੰ ਸਫਲਤਾ ਨਾਲ ਚਲਾਇਆ। ਉਹਨਾਂ ਦਿਨਾਂ ‘ਚ ਕੈਪਟਨ ਨੇ ਟੈਕਨੋਲੋਜੀ ਦੀ ਚੰਗੀ ਵਰਤੋਂ ਕੀਤੀ ਅਤੇ ਫਰੰਟਲਾਈਨ ਵਾਰੀਅਰਜ਼ ਨਾਲ ਗੱਲ ਕਰ ਉਹਨਾਂ ਦੀ ਹੌਂਸਲਾਅਫਜ਼ਾਈ ਕਰਦੇ ਰਹੇ। ਦੂਜਾ ਕਾਰਨ ਇਹ ਦਿੱਤਾ ਗਿਆ ਕਿ ਕਿਸਾਨ ਅੰਦੋਲਨ ਦੌਰਾਨ ਕੈਪਟਨ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਇੰਨਾ ਹੀ ਨਹੀਂ, ਜਦੋਂ ਅਕਾਲੀ ਦਲ ਅਤੇ ਬੀਜੇਪੀ ਦਾ ਸਾਲਾਂ ਪੁਰਾਣਾ ਗਠਜੋੜ ਟੁੱਟਿਆ, ਉਦੋਂ ਕੈਪਟਨ ਸੂਬੇ ਦੇ ਕੱਦਾਵਰ ਆਗੂ ਬਣ ਕੇ ਉਭਰੇ।
ਅਖਬਾਰ ਵੱਲੋਂ ਜਾਰੀ ਸੂਚੀ ‘ਚ ਪੀਐੱਮ ਮੋਦੀ ਪਹਿਲੇ, ਅਮਿਤ ਸ਼ਾਹ ਦੂਜੇ ਅਤੇ RSS ਮੁਖੀ ਮੋਹਨ ਭਾਗਵਤ ਤੀਜੇ ਨੰਬਰ ‘ਤੇ ਹਨ। ਇਸ ਤੋਂ ਇਲਾਵਾ ਸੋਨੀਆ ਗਾਂਧੀ ਨੂੰ 34ਵੇਂ, ਰਾਹੁਲ ਗਾਂਧੀ ਨੂੰ 39ਵੇਂ ਅਤੇ ਪ੍ਰਿਅੰਕਾ ਗਾਂਧੀ ਨੂੰ 41ਵੇਂ ਨੰਬਰ ‘ਤੇ ਰੱਖਿਆ ਗਿਆ ਹੈ। ਸੂਚੀ ‘ਚ 48ਵੇਂ ਨੰਬਰ ‘ਤੇ ਹਰਿਆਣਾ ਦੇ ਸੀਐੱਮ ਮਨੋਹਰ ਲਾਲ ਦਾ ਵੀ ਨਾੰਅ ਸ਼ਾਮਲ ਹੈ।
ਸੂਚੀ ‘ਚ 2 ਕਿਸਾਨ ਆਗੂਆਂ ਦੇ ਵੀ ਨਾੰਅ ਸ਼ਾਮਲ ਹਨ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦਾ ਨਾੰਅ ਸੂਚੀ ‘ਚ 88ਵੇਂ ਅਤੇ ਰਾਕੇਸ਼ ਟਿਕੈਤ ਦਾ ਨਾੰਅ 89ਵੇਂ ਨੰਬਰ ‘ਤੇ ਹੈ। ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੀ ਲਿਸਟ ‘ਚ 98ਵੇਂ ਨੰਬਰ ‘ਤੇ ਹਨ। ਪ੍ਰਸ਼ਾਂਤ ਕਿਸ਼ੋਰ ਨੂੰ ਕੈਪਟਨ ਨੇ ਹਾਲ ਹੀ ‘ਚ ਮੁੜ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ।