ਬਿਓਰੋ। ਭਾਰਤ ਨੇ ਮਹਾਨ ਦੌੜਾਕ ਮਿਲਖਾ ਸਿੰਘ ਨੂੰ ਗੁਆ ਦਿੱਤਾ ਹੈ। 91 ਸਾਲਾਂ ਦੀ ਉਮਰ ‘ਚ ਸ਼ੁੱਕਰਵਾਰ ਰਾਤ ਉਹਨਾਂ ਦੇ ਆਖਰੀ ਸਾਹ ਲਏ। 20 ਨਵੰਬਰ, 1929 ਨੂੰ ਮਿਲਖਾ ਸਿੰਘ ਦਾ ਜਨਮ ਇੱਕ ਸਿੱਖ ਪਰਿਵਾਰ ‘ਚ ਹੋਇਆ ਸੀ। ਉਹਨਾਂ ਦਾ ਪਿੰਡ ਹੁਣ ਪਾਕਿਸਤਾਨ ਦੇ ਮੁਜ਼ੱਫਰਗੜ੍ਹ ਜ਼ਿਲ੍ਹੇ ਅਧੀਨ ਆਉਂਦਾ ਹੈ।
ਵੰਡ ਦੌਰਾਨ ਅੱਖੀਂ ਵੇਖਿਆ ਮਾਂ-ਬਾਪ ਦਾ ਕਤਲ
ਮਿਲਖਾ ਸਿੰਘ ਹੋਰੀਂ 15 ਭਰਾ-ਭੈਣ ਸਨ, ਜਿਹਨਾਂ ‘ਚੋਂ 8 ਦੀ ਮੌਤ ਵੰਡ ਤੋਂ ਪਹਿਲਾਂ ਹੋ ਗਈ ਸੀ। ਵੰਡ ਦੇ ਚਲਦੇ ਮਿਲਖਾ ਸਿੰਘ ਅਨਾਥ ਹੋ ਗਏ। ਉਹਨਾਂ ਦੇ ਮਾਤਾ-ਪਿਤਾ, ਭਰਾ ਅਤੇ 2 ਭੈਣਾਂ ਨੂੰ ਦੰਗਾਈਆਂ ਨੇ ਮਿਲਖਾ ਸਿੰਘ ਦੇ ਸਾਹਮਣੇ ਮਾਰ ਦਿੱਤਾ ਸੀ। ਪਾਕਿਸਤਾਨ ਤੋਂ ਭੱਜ ਕੇ ਮਿਲਖਾ 1947 ‘ਚ ਦਿੱਲੀ ਆ ਗਏ। ਆਰਮੀ ‘ਚ ਭਰਤੀ ਹੋਣ ਗਏ ਅਤੇ ਉਥੋਂ ਹੀ ਸ਼ੁਰੂ ਹੋਈ ਮਿਲਖਾ ਸਿੰਘ ਦੀ ਦੌੜ ਦੀ ਕਹਾਣੀ।
ਓਲੰਪਿਕ ‘ਚ ਭਾਰਤ ਦਾ ਤਿਰੰਗਾ ਲਹਿਰਾਇਆ
ਮਿਲਖਾ ਸਿੰਘ ਨੇ ਏਸ਼ੀਆਈ ਖੇਡਾਂ ‘ਚ 4 ਵਾਰ ਗੋਲਡ ਮੈਡਲ ਆਪਣੇ ਨਾੰਅ ਕੀਤਾ ਹੈ। ਉਹਨਾਂ ਨੇ 1958 ਦੇ ਰਾਸ਼ਟਰਮੰਡਲ ਖੇਡਾਂ ‘ਚ ਵੀ ਗੋਲਡ ਮੈਡਲ ਜਿੱਤਿਆ ਸੀ, ਪਰ ਮਿਲਖਾ ਸਿੰਘ ਨੂੰ ਪਛਾਣ 1960 ਦੇ ਰੋਮ ਓਲੰਪਿਕ ਖੇਡਾਂ ਤੋਂ ਮਿਲੀ। 400 ਮੀਟਰ ਫ਼ਾਈਨਲ ‘ਚ ਉਹਨਾਂ ਦੀ ਰੇਸ ਭਾਰਤੀ ਖੇਡ ਦੇ ਇਤਿਹਾਸ ਦੇ ਸਭ ਤੋਂ ਅਹਿਮ ਪਲਾਂ ‘ਚੋਂ ਇੱਕ ਹੈ। ਸਿਰਫ 45.6 ਸੈਕੰਡ ‘ਚ ਉਹਨਾਂ ਨੇ ਰੇਸ ਪੂਰੀ ਕੀਤੀ ਅਤੇ ਚੌਥਾ ਸਥਾਨ ਹਾਸਲ ਕੀਤਾ। ਕਰੀਬ 40 ਸਾਲ ਤੱਕ ਇਹ ਟਾਈਮ ਨੈਸ਼ਨਲ ਰਿਕਾਰਡ ਰਿਹਾ। ਮਿਲਖਾ ਸਿੰਘ ਨੇ 1956 ਅਤੇ 1964 ਦੇ ਓਲੰਪਿਕ ‘ਚ ਵੀ ਭਾਰਤ ਦੀ ਅਗਵਾਈ ਕੀਤੀ। ਉਹਨਾਂ ਨੂੰ 1959 ‘ਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
ਪਾਕਿਸਤਾਨ ਤੋਂ ਮਿਲਿਆ ਫਲਾਇੰਗ ਸਿੱਖ ਦਾ ਖਿਤਾਬ
ਮਿਲਖਾ ਸਿੰਘ ਪਾਕਿਸਤਾਨ ‘ਚ ਰੱਖੀ ਗਈ ਇੱਕ ਦੌੜ ‘ਚ ਹਿੱਸਾ ਲੈਣ ਲਈ ਗਏ, ਜਿਥੇ ਉਹਨਾਂ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਦੇ ਪ੍ਰਦਰਸ਼ਨ ਨੂੰ ਵੇਖ ਕੇ ਪਾਕਿਸਤਾਨ ਦੇ ਜਨਰਲ ਅਯੂਬ ਖਾਨ ਨੇ ਉਹਨਾਂ ਨੂੰ ‘ਦ ਫਲਾਇੰਗ ਸਿੱਖ’ ਨਾੰਅ ਦਿੱਤਾ।
ਦੁਨੀਆ ਨੇ ਪਰਦੇ ‘ਤੇ ਵੇਖੀ ਕਹਾਣੀ
ਮਿਲਖਾ ਸਿੰਘ ਦੀ ਜੀਵਨੀ ‘ਤੇ ਸਾਲ 2013 ‘ਚ ਬਾਲੀਵੁੱਡ ਫ਼ਿਲਮ- ਭਾਗ ਮਿਲਖਾ ਭਾਗ ਬਣਾਈ ਗਈ ਸੀ, ਜਿਸ ‘ਚ ਅਦਾਕਾਰ ਫਰਹਾਨ ਅਖਤਰ ਨੇ ਮਿਲਖਾ ਸਿੰਘ ਦਾ ਕਿਰਦਾਰ ਅਦਾ ਕੀਤਾ ਸੀ। ਫ਼ਿਲਮ ਦਾ ਨਿਰਦੇਸ਼ਨ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਕੀਤਾ, ਜਦਕਿ ਉਸ ਨੂੰ ਲਿਖਿਆ ਪ੍ਰਸੂਨ ਜੋਸ਼ੀ ਵੱਲੋਂ ਗਿਆ ਸੀ। ਅਪ੍ਰੈਲ 2014 ‘ਚ 61ਵੇਂ ਕੌਮੀ ਫ਼ਿਲਮ ਪੁਰਸਕਾਰਾਂ ‘ਚ ਇਸ ਫ਼ਿਲਮ ਨੂੰ ਸਭ ਤੋਂ ਵਧੀਆ ਮਨੋਰੰਜਕ ਫ਼ਿਲਮ ਦਾ ਐਵਾਰਡ ਮਿਲਿਆ ਸੀ। ਇਸ ਤੋਂ ਇਲਾਵਾ ਫ਼ਿਲਮ ਨੇ ਸਭ ਤੋਂ ਵਧੀਆ ਕੋਰਿਓਗ੍ਰਾਫੀ ਦਾ ਐਵਾਰਡ ਵੀ ਆਪਣੇ ਨਾੰਅ ਕੀਤਾ ਸੀ।