ਪੰਜਾਬ ‘ਚ ਕੋਰੋਨਾ ਦੇ ਲਗਾਤਾਰ ਵਧ ਰਹੇ ਅੰਕੜਿਆਂ ਨੂੰ ਲੈ ਕੇ ਸੂਬਾ ਸਰਕਾਰ ਬੇਹੱਦ ਸਖਤੀ ਦੇ ਮੂਡ ‘ਚ ਨਜ਼ਰ ਆ ਰਹੀ ਹੈ। ਜਿਸਦੇ ਚਲਦੇ ਹੁਣ ਮਾਸਕ ਨਾ ਪਾਉਣ ਵਾਲਿਆਂ ਦੀ ਸ਼ਾਮਤ ਆਵੇਗੀ। ਕੋਰੋਨਾ ਦੇ ਹਾਲਾਤ ਦੀ ਸਮੀਖਿਆ ਬੈਠਕ ਦੌਰਾਨ ਸੀਐੱਮ ਵੱਲੋਂ ਪੰਜਾਬ ਪੁਲਿਸ ਅਤੇ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤਹਿਤ ਭੀੜਭਾੜ ਵਾਲੇ ਇਲਾਕਿਆਂ ‘ਚ ਕਿਸੇ ਵੀ ਸ਼ਖਸ ਦੇ ਬਿਨ੍ਹਾਂ ਮਾਸਕ ਵੇਖੇ ਜਾਣ ‘ਤੇ ਉਸ ਨੂੰ ਟੈਸਟਿੰਗ ਲਈ ਲਿਜਾਇਆ ਜਾਵੇਗਾ।
ਮੁੱਖ ਮੰਤਰੀ ਵੱਲੋਂ ਜਾਰੀ ਨਿਰਦੇਸ਼ਾਂ ‘ਚ ਕਿਹਾ ਗਿਆ ਕਿ ਕੋਈ ਵੀ ਸ਼ਖਸ ਜੇਕਰ ਭੀੜਭਾੜ ਵਾਲੇ ਇਲਾਕਿਆਂ ‘ਚ ਬਿਨ੍ਹਾੰ ਮਾਸਕ ਨਜ਼ਰ ਆਉਂਦਾ ਹੈ, ਤਾਂ ਉਸ ਨੂੰ ਨੇੜਲੇ RT-PCR ਟੈਸਟਿੰਗ ਸੈਂਟਰ ਲਿਜਾਇਆ ਜਾਵੇ ਅਤੇ ਉਸਦਾ ਟੈਸਟ ਕਰ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਉਸ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ। ਲੋਕਾਂ ‘ਚ ਟੈਸਟਿੰਗ ਦੇ ਡਰ ਨੂੰ ਦੂਰ ਕਰਨ ਲਈ ਵੀ ਅਜਿਹਾ ਕੀਤਾ ਜਾ ਰਿਹਾ ਹੈ।