ਚੰਡੀਗੜ੍ਹ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਬਾਅਦ ਹੁਣ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਿੰਡਾਂ ‘ਚ ਕੋਰੋਨਾ ਦੇ ਫੈਲਾਅ ਲਈ ਕਿਸਾਨ ਅੰਦੋਲਨ ਨੂੰ ਇੱਕ ਕਾਰਨ ਦੱਸ ਦਿੱਤਾ ਹੈ। ਐਤਵਾਰ ਨੂੰ ਇੱਕ ਵਰਚੁਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਸੀਐੱਮ ਨੇ ਕਿਹਾ ਕਿ ਧਰਨੇ ਵਾਲੀਆਂ ਥਾਵਾਂ ਤੋਂ ਆਉਣ ਵਾਲੇ ਲੋਕਾਂ ਦੇ ਚਲਦੇ ਪਿੰਡਾਂ ‘ਚ ਕੋਰੋਨਾ ਫੈਲ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ, “ਹਜ਼ਾਰਾਂ ਲੋਕ ਇੱਕ ਜਗ੍ਹਾ ਇਕੱਠੇ ਹੁੰਦੇ ਹਨ, ਆਪਸ ‘ਚ ਮੇਲ-ਜੋਲ ਰਖਦੇ ਹਨ ਅਤੇ ਕੋਰੋਨਾ ਨਿਯਮਾਂ ਦੀ ਪਾਲਣਾ ਵੀ ਨਹੀਂ ਕਰਦੇ। ਅਜਿਹੇ ‘ਚ ਕੋਰੋਨਾ ਫੈਲਣ ਦਾ ਖ਼ਤਰਾ ਕਾਫੀ ਵੱਧ ਜਾਂਦਾ ਹੈ।” ਉਹਨਾਂ ਨੇ ਕਿਹਾ, “ਕਈ ਪਿੰਡਾਂ ‘ਚ ਔਸਤ ਤੋਂ ਵੀ ਵੱਧ ਮੌਤਾਂ ਹੋਈਆਂ ਹਨ। ਸੂਬੇ ਦੇ ਕੁਝ ਪਿੰਡਾਂ ‘ਚ ਜਿੰਨੀਆਂ ਮੌਤਾਂ ਇੱਕ ਸਾਲ ‘ਚ ਹੁੰਦੀਆਂ ਹਨ, ਓਨੀਆਂ ਪਿਛਲੇ ਇੱਕ-ਡੇਢ ਮਹੀਨੇ ਅੰਦਰ ਹੋਈਆਂ ਹਨ।” ਸੀਐੱਮ ਨੇ ਕਿਹਾ ਕਿ ਕਿਸਾਨ ਟੈਸਟ ਨਹੀਂ ਕਰਵਾਉਣਾ ਚਾਹੁੰਦੇ, ਜੇਕਰ ਟੈਸਟ ਨਹੀਂ ਕਰਵਾਉਣਗੇ ਤਾਂ ਬਿਮਾਰੀ ਦਾ ਪਤਾ ਕਿਵੇਂ ਲੱਗੇਗਾ।
ਦਰਅਸਲ, ਮੁੱਖ ਮੰਤਰੀ ਮਨੋਹਰ ਲਾਲ ਸਾਬਕਾ ਸੀਐੱਮ ਭੁਪੇਂਦਰ ਹੁੱਡਾ ਵੱਲੋਂ ਸਰਕਾਰ ‘ਤੇ ਲਾਏ ਜਾ ਰਹੇ ਬਦਇੰਤਜ਼ਾਮੀ ਦੇ ਇਲਜ਼ਾਮਾਂ ਦਾ ਜਵਾਬ ਦੇ ਰਹੇ ਹਨ। ਉਹਨਾਂ ਕਿਹਾ, “ਜੇਕਰ ਹੁੱਡਾ ਵਾਕਈ ਮਹਾਂਮਾਰੀ ਨੂੰ ਲੈ ਕੇ ਗੰਭੀਰ ਹਨ, ਤਾਂ ਉਹਨਾਂ ਨੇ ਇੱਕ ਵਾਰ ਵੀ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕਿਉਂ ਨਹੀਂ ਕੀਤੀ। ਉਹ ਸਰਕਾਰ ਦੇ ਸਹਿਯੋਗ ਦਾ ਦਿਖਾਵਾ ਕਰਕੇ ਸਿਰਫ਼ ਸਿਆਸਤ ਕਰਨਾ ਚਾਹੁੰਦੇ ਹਨ।” ਮਨੋਹਰ ਲਾਲ ਨੇ ਇਥੋਂ ਤੱਕ ਕਿਹਾ ਕਿ ਕੁਝ ਆਗੂ ਕਿਸਾਨਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹਨ।
कोरोना महामारी के संवेदनशील समय में भी हुड्डा साहब राजनीति और आलोचना के अलावा कुछ नहीं कर रहेhttps://t.co/sApaTRrXzn pic.twitter.com/bl9va6qsyk
— Manohar Lal (@mlkhattar) May 30, 2021
ਕੈਪਟਨ ਦੇ ਮੰਤਰੀ ਵੀ ਦੇ ਚੁੱਕੇ ਹਨ ਅਜਿਹਾ ਬਿਆਨ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਪਿੰਡਾਂ ‘ਚ ਕੋਰੋਨਾ ਦੇ ਫੈਲਾਅ ਲਈ ਕਿਸਾਨ ਅੰਦੋਲਨ ਨੂੰ ਇੱਕ ਵੱਡਾ ਕਾਰਨ ਦੱਸ ਚੁੱਕੇ ਹਨ। ਹਾਲਾਂਕਿ ਵਿਵਾਦ ਵਧਣ ਤੋਂ ਬਾਅਦ ਉਹਨਾਂ ਨੂੰ ਬਿਆਨ ਜਾਰੀ ਕਰ ਸਫਾਈ ਦੇਣੀ ਪਈ ਸੀ, ਜਿਸ ‘ਚ ਬਾਜਵਾ ਨੇ ਕਿਹਾ ਸੀ ਕਿ ਉਹਨਾਂ ਵੱਲੋਂ ਅਜਿਹਾ ਕੋਈ ਬਿਆਨ ਦਿੱਤਾ ਹੀ ਨਹੀਂ ਗਿਆ। (ਪੂਰੀ ਖ਼ਬਰ ਇਥੇ ਪੜ੍ਹੋ)