ਬਿਓਰੋ। ਐਤਵਾਰ ਨੂੰ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ‘ਚ ਮਮਤਾ ਬੈਨਰਜੀ ਦੀ ਸ਼ਾਨਦਾਤ ਜਿੱਤ ਦੇ ਬਾਅਦ ਤੋਂ ਸੂਬੇ ‘ਚ ਹਿੰਸਾ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਹਿੰਸਾ ਨੂੰ ਲੈ ਕੇ ਜਦੋਂ ਕੰਗਨਾ ਰਣੌਤ ਨੇ ਟਵਿਟਰ ‘ਤੇ ਇੱਕ ਵਿਵਾਦਤ ਵੀਡੀਓ ਸਾਂਝਾ ਕੀਤਾ ਅਤੇ ਮਮਤਾ ਬੈਨਰਜੀ ਦੀ ਤੁਲਨਾ ਤਾੜਕਾ ਨਾਲ ਕਰ ਦਿੱਤੀ, ਤਾਂ ਟਵਿਟਰ ਨੇ ਕਾਰਵਾਈ ਕਰਦੇ ਹੋਏ ਕੰਗਨਾ ਦਾ ਟਵਿਟਰ ਅਕਾਊਂਟ ਹਮੇਸ਼ਾ ਲਈ ਸਸਪੈਂਡ ਕਰ ਦਿੱਤਾ।
ਵਾਰ-ਵਾਰ ਕੀਤੀ ਉਲੰਘਣਾ: ਟਵਿਟਰ
ਟਵਿਟਰ ਨੇ ਕੰਗਨਾ ‘ਤੇ ਨਿਯਮਾਂ ਦੀ ਉਲੰਘਣਾ ਦਾ ਇਲਜ਼ਾਮ ਲਗਾਇਆ ਹੈ। ਟਵਿਟਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਕੰਗਨਾ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰ ਰਹੀ ਸੀ, ਜਿਸਦੇ ਚਲਦੇ ਉਹਨਾਂ ਦਾ ਅਕਾਊਟ ਸਸਪੈਂਡ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨ ਅੰਦੋਲਨ ਦੇ ਸਬੰਧ ‘ਚ ਕੀਤੇ ਕੰਗਨਾ ਦੇ ਕਈ ਟਵੀਟ ਡਿਲੀਟ ਕੀਤੇ ਗਏ ਸਨ।
ਮੇਰੇ ਕੋਲ ਕਈ ਪਲੇਟਫਾਰਮ: ਕੰਗਨਾ
ਓਧਰ ਟਵਿਟਰ ‘ਤੇ ਅਕਾਊਂਟ ਸਸਪੈਂਡ ਹੋਣ ਦੇ ਬਾਵਜੂਦ ਕੰਗਨਾ ਹਮਲਾਵਰ ਹੈ। ਕੰਗਨਾ ਰਣੌਤ ਨੇ ਬਿਆਨ ਜਾਰੀ ਕਰ ਕਿਹਾ, “ਟਵਿਟਰ ਨੇ ਮੇਰੀ ਗੱਲ ਨੂੰ ਮੁੜ ਸਾਬਿਤ ਕਰ ਦਿੱਤਾ ਹੈ ਕਿ ਉਹ ਅਮਰੀਕੀ ਹਨ ਅਤੇ ਅਮਰੀਕੀ ਲੋਕ ਭਾਰਤੀਆਂ ਨੂੰ ਆਪਣਾ ਗੁਲਾਮ ਬਣਾਉਣਾ ਜਨਮ-ਸਿੱਧ ਅਧਿਕਾਰ ਸਮਝਦੇ ਹਨ। ਉਹ ਸਾਨੂੰ ਦੱਸਣਾ ਚਾਹੁੰਦੇ ਹਨ ਕਿ ਅਸੀਂ ਕੀ ਸੋਚੀਏ, ਕੀ ਬੋਲੀਏ ਤੇ ਕੀ ਕਰੀਏ। ਖੁਸ਼ਕਿਸਮਤੀ ਨਾਲ ਮੇਰੇ ਕੋਲ ਹੋਰ ਵੀ ਕਈ ਪਲੇਟਫਾਰਮ ਮੌਜੂਦ ਹਨ, ਜਿਹਨਾਂ ਦੇ ਜ਼ਰੀਏ ਮੈਂ ਆਪਣੀ ਅਵਾਜ਼ ਚੁੱਕ ਸਕਦੀ ਹਾਂ, ਜਿਹਨਾਂ ‘ਚੋਂ ਸਿਨੇਮਾ ਵੀ ਇੱਕ ਹੈ।”
ਅੱਗੇ ਕੰਗਨਾ ਰਣੌਤ ਨੇ ਕਿਹਾ, “ਪਰ ਮੇਰਾ ਦਿਲ ਦੇਸ਼ ਦੇ ਉਹਨਾਂ ਲੋਕਾਂ ਲਈ ਬੇਹੱਦ ਦੁਖਦਾ ਹੈ, ਜਿਹਨਾਂ ਨਾਲ ਜੁਲਮ ਕੀਤਾ ਜਾਂਦਾ ਹੈ, ਗੁਲਾਮ ਬਣਾ ਕੇ ਰੱਖਿਆ ਜਾਂਦਾ ਹੈ ਅਤੇ ਜਿਹਨਾਂ ਨੂੰ ਦਬਾਇਆ ਜਾਂਦਾ ਹੈ। ਇਸ ਸਭ ਦੇ ਬਾਵਜੂਦ ਉਹਨਾਂ ਦੇ ਦੁਖਾਂ ਦਾ ਕੋਈ ਅੰਤ ਨਜ਼ਰ ਨਹੀਂ ਆਉਂਦਾ।”
ਕੰਗਨਾ ਰਣੌਤ ਨੇ ਕੀ ਕਿਹਾ ਸੀ?
ਦਰਅਸਲ, ਅਦਾਕਾਰਾ ਕੰਗਨਾ ਰਣੌਤ ਨੇ ਪੱਛਮੀ ਬੰਗਾਲ ‘ਚ ਹੋ ਰਹੀ ਹਿੰਸਾ ਨੂੰ ਲੈ ਕੇ ਨਰਾਜ਼ਗੀ ਜ਼ਾਹਿਰ ਕਰਦਿਆਂ ਕੇਂਦਰ ਸਰਕਾਰ ਤੋਂ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਦੀ ਮੰਗ ਕੀਤੀ ਸੀ। ਉਹਨਾਂ ਨੇ ਬੀਜੇਪੀ ਦੀ ਇੱਕ ਮਹਿਲਾ ਆਗੂ ਦੀ ਫੋਟੋ ਸ਼ੇਅਰ ਕਰ ਇਹ ਦਾਅਵਾ ਵੀ ਕੀਤਾ ਕਿ TMC ਦੇ ਲੋਕਾਂ ਨੇ ਇਹਨਾਂ ਦਾ ਗੈਂਗਰੇਪ ਕੀਤਾ ਹੈ।
ਇੰਨਾ ਹੀ ਨਹੀਂ, ਕੰਗਨਾ ਨੇ ਸੀਐੱਮ ਮਮਤਾ ਬੈਨਰਜੀ ਦੀ ਤੁਲਨਾ ਤਾੜਕਾ ਨਾਲ ਕਰ ਦਿੱਤੀ। ਉਹਨਾਂ ਲਿਖਿਆ, “ਮੈਂ ਗਲਤ ਸੀ, ਉਹ(ਮਮਤਾ) ਰਾਵਣ ਨਹੀਂ ਹੈ। ਉਹ(ਰਾਵਣ) ਤਾਂ ਸਭ ਤੋਂ ਚੰਗਾ ਰਾਜਾ ਸੀ, ਜਿਸਨੇ ਦੁਨੀਆ ਦਾ ਸਭ ਤੋਂ ਸੰਪੰਨ ਦੇਸ਼ ਬਣਾਇਆ। ਉਹ ਮਹਾਨ ਪ੍ਰਸ਼ਾਸਕ, ਸਕਾਲਰ ਅਤੇ ਵੀਣਾ ਵਾਦਕ ਸੀ। ਇਹ(ਮਮਤਾ ਬੈਨਰਜੀ) ਤਾਂ ਖੂਨ ਦੀ ਪਿਆਸੀ ਰਾਕਸ਼ਸਣੀ ਤਾੜਕਾ ਹੈ। ਜਿਹਨਾਂ ਨੇ ਉਸ ਨੂੰ ਵੋਟ ਦਿੱਤਾ, ਤੁਹਾਡੇ ਹੱਥ ਵੀ ਖੂਨ ਨਾਲ ਰੰਗੇ ਹੋਏ ਹਨ।”
ਭਾਵੁਕ ਵੀਡੀਓ ਵੀ ਕੀਤੀ ਪੋਸਟ
ਆਪਣੇ ਇਸ ਟਵੀਟ ਦੇ ਨਾਲ ਕੰਗਨਾ ਰਣੌਤ ਨੇ ਭਾਵੁਕ ਵੀਡੀਓ ਵੀ ਪੋਸਟ ਕੀਤੀ ਸੀ। ਇਸ ਵੀਡੀਓ ‘ਚ ਕੰਗਨਾ ਰੌਂਦੇ ਹੋਏ ਕਹਿ ਰਹੀ ਹੈ, “ਦੋਸਤੋ, ਅਸੀਂ ਸਾਰੇ ਵੇਖ ਰਹੇ ਹਾਂ ਕਿ ਬੰਗਾਲ ਤੋਂ ਬੇਹੱਦ ਹੀ ਡਿਸਟਰਬ ਕਰਨ ਵਾਲੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਲੋਕਾਂ ਦੇ ਮਰਡਰ ਹੋ ਰਹੇ ਹਨ, ਗੈਂਗਰੇਪ ਹੋ ਰਹੇ ਹਨ। ਘਰਾਂ ਨੂੰ ਸਾੜਿਆ ਜਾ ਰਿਹਾ ਹੈ ਤੇ ਕੋਈ ਵੀ ਕੁਝ ਨਹੀਂ ਕਹਿ ਰਿਹਾ। ਆਪਣੀ ਸਰਕਾਰ, ਜਿਸਦੀ ਮੈਂ ਬਹੁਤ ਵੱਡੀ ਸਮਰਥਕ ਹਾਂ, ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਮੈਂ ਬੇਹੱਦ ਨਿਰਾਸ਼ ਹਾਂ। ਜਿਥੇ ਖੂਨ ਦੇ ਦਰਿਆ ਵਹਿ ਰਹੇ ਹਨ, ਉਥੇ ਸਿਰਫ਼ ਧਰਨਾ ਦੇਣਾ ਚਾਹੁੰਦੇ ਹੋ। ਤੁਸੀਂ ਦੇਸ਼ਧ੍ਰੋਹੀਆਂ ਤੋਂ ਇੰਨਾ ਕਿਉਂ ਡਰ ਗਏ? ਕੀ ਦੇਸ਼ਧ੍ਰੋਹੀ ਇਸ ਦੇਸ਼ ਨੂੰ ਚਲਾਉਣਗੇ?”