ਲੁਧਿਆਣਾ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਵੱਲੋਂ ’ਵਰਚੂਅਲ ਕਲਾਸਰੂਮ’ ਅਤੇ ’ਐਗਰੀ ਦੀਕਸ਼ਾ ਵੈਬ ਐਜੂਕੇਸ਼ਨ ਚੈਨਲ’ ਨੂੰ ਲੋਕ ਅਰਪਣ ਕੀਤਾ ਗਿਆ। ਦਰਅਸਲ, ਭਾਰਤੀ ਖੋਜ ਪਰੀਸ਼ਦ ਵੱਲੋਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਵੀ ਰਾਸ਼ਟਰ ਦੀਆਂ 18 ਮੋਹਰੀ ਖੇਤੀਬਾੜੀ ਯੂਨੀਵਰਸਿਟੀਆਂ ਵਿਚ ਸ਼ੁਮਾਰ ਕੀਤਾ ਗਿਆ ਹੈ। ਇਹਨਾਂ ਯੂਨੀਵਰਸਿਟੀਆਂ ਦੇ ਵਰਚੂਅਲ ਕਲਾਸਰੂਮ ਦਾ ਵਰਚੁਅਲ ਸਮਾਗਮ ਰਾਹੀਂ ਨਰੇਂਦਰ ਤੋਮਰ ਨੇ ਉਦਘਾਟਨ ਕੀਤਾ।
ਨਰੇਂਦਰ ਤੋਮਰ ਨੇ ਖੇਤੀਬਾੜੀ ਸਿੱਖਿਆ ਦੇ ਖੇਤਰ ਵਿਚ ਉਨੱਤ ਖੋਜ ਅਤੇ ਬਿਹਤਰੀ ਦੀ ਆਸ ਕਰਦੇ ਹੋਏ ਇਸ ਨੂੰ ਰੁਜ਼ਗਾਰ ਪੈਦਾ ਕਰਨ ਵਾਲਾ ਮਾਧਿਅਮ ਦੱਸਿਆ। ਉਨ੍ਹਾਂ ਨੇ ਅਜਿਹੇ ਤਕਨਾਲੋਜੀ ਆਧਾਰਿਤ ਕਾਰਜਾਂ ਲਈ ਭਾਰਤੀ ਖੇਤੀ ਖੋਜ ਪਰਿਸ਼ਦ, ਪੂਸਾ ਸੰਸਥਾ, ਕਿ੍ਰਸ਼ੀ ਵਿਗਿਆਨ ਕੇਂਦਰ ਅਤੇ ਸਮੂਹ ਖੇਤੀਬਾੜੀ ਯੂਨੀਵਰਸਿਟੀਆਂ ਦੀ ਸ਼ਲਾਘਾ ਕੀਤੀ।
ਦੂਸਰੇ ਪਾਸੇ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਦੇ ਕੈਂਪਸ ਵਿਖੇ ਡਾ, ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਵਰਚੂਅਲ ਕਲਾਸਰੂਮ ਦੀ ਘੁੰਡ ਚੁਕਾਈ ਦੀ ਰਸਮ ਨਿਭਾਈ।ਉਨ੍ਹਾਂ ਕਿਹਾ ਕਿ ਇਹ ਬਹੁਮੰਤਵੀ ਤਕਨਾਲੋਜੀ ਸਮਰੱਥਾ, ਸਿੱਖਣ ਦਾ ਹੋਰ ਵਧੀਆ ਮੰਚ ਸਾਬਿਤ ਹੋਵੇਗੀ।
