December 30, 2022
(Chandigarh)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਵਾਪਸ ਆਉਣ ਮਗਰੋਂ ਵਿਜੀਲੈਂਸ ਦੇ ਰਡਾਰ ‘ਤੇ ਆ ਗਏ ਹਨ। ਦਰਅਸਲ, ਚੰਨੀ ‘ਤੇ ਕਰੋੜਾਂ ਦੇ ਘੁਟਾਲੇ ਦੇ ਇਲਜ਼ਾਮ ਲੱਗੇ ਹਨ। ਬਠਿੰਡਾ ਨਿਵਾਸੀ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਚਮਕੌਰ ਸਾਹਿਬ ਵਿੱਚ ਥੀਮ ਪਾਰਕ ਦਾ ਉਦਘਾਟਨ ਕੀਤਾ ਸੀ, ਜਿਸ ‘ਤੇ 1 ਕਰੋੜ 47 ਲੱਖ ਦਾ ਖਰਚ ਆਇਆ ਸੀ।
ਇਲਜ਼ਾਮ ਹੈ ਕਿ ਇਸੇ ਖਰਚੇ ਵਿੱਚ ਚੰਨੀ ਨੇ ਆਪਣੇ ਪੁੱਤਰ ਦੇ ਵਿਆਹ ਦੇ ਖਰਚੇ ਨੂੰ ਐਡਜਸਟ ਕੀਤਾ ਹੈ। ਦੱਸ ਦਈਏ ਕਿ ਕਈ ਸਰਕਾਰਾਂ ਨੇ ਇਸ ਥੀਮ ਪਾਰਕ ਨੂੰ ਬਣਾਉਣ ਲਈ ਵਾਅਦੇ ਕੀਤੇ ਗਏ ਸਨ, ਪਰ ਜਦੋਂ ਚੰਨੀ ਮੁੱਖ ਮੰਤਰੀ ਬਣੇ ਤਾਂ ਚਮਕੌਰ ਸਾਹਿਬ ਵਿੱਚ ਥੀਮ ਪਾਰਕ ਦੇ ਉਦਘਾਟਨ ਦਾ ਫ਼ੈਸਲਾ ਕੀਤਾ ਗਿਆ।
ਗ੍ਰਿਫ਼ਤਾਰੀ ਲਈ ਬਹਾਨੇ ਲੱਭ ਰਹੀ ਸਰਕਾਰ- ਚੰਨੀ
ਵਿਜੀਲੈਂਸ ਜਾਂਚ ਤੋਂ ਬਾਅਦ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਇਹ ਸਭ ਕੁਝ ਬਦਲਾਖੋਰੀ ਲਈ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਉਹਨਾਂ ਨੂੰ ਅੰਦਰ ਕਰਨ ਦੇ ਤਰੀਕੇ ਲੱਭ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਉਹ 3 ਮਹੀਨਿਆਂ ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ, ਇਹੀ ਗੱਲ ਸਾਰਿਆਂ ‘ਤੇ ਭਾਰੀ ਪਈ ਹੋਈ ਹੈ। ਪੰਜਾਬ ਸਰਕਾਰ ਉਹਨਾਂ ਦੇ ਪਿੱਛੇ ਪੈ ਗਈ ਹੈ।
ਜਾਂਚ ਦਾ ਸਾਹਮਣਾ ਕਰਨ ਲਈ ਤਿਆਰ- ਚੰਨੀ
ਚੰਨੀ ਨੇ ਕਿਹਾ, “ਪਹਿਲਾਂ ਕਹਿੰਦੇ ਸੀ ਬਾਹਰੋਂ ਆਉਂਦਾ ਨਹੀਂ, ਤੇ ਹੁਣ ਜਦੋਂ ਆ ਗਿਆ ਹਾਂ, ਤਾਂ ਪਿੱਛੇ ਵਿਜੀਲੈਂਸ ਲਗਾ ਦਿੱਤੀ। ਸਾਰੇ ਬੈਂਕ ਖਾਤੇ ਅਤੇ ਪ੍ਰਾਪਰਟੀ ਚੈੱਕ ਕੀਤੀ ਜਾ ਰਹੀ ਹੈ।” ਉਹਨਾਂ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਫੇਸ ਕਰਨ ਲਈ ਉਹ ਤਿਆਰ ਹਨ।