December 30, 2022
(New Delhi)
ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਸ਼ੁੱਕਰਵਾਰ ਸਵੇਰੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ। ਉਹ ਆਪਣੀ ਕਾਰ ‘ਚ ਸਵਾਰ ਹੋ ਕੇ ਦਿੱਲੀ ਤੋਂ ਉੱਤਰਾਖੰਡ ਜਾ ਰਹੇ ਸਨ। ਰੂੜਕੀ ਦੇ ਨਾਰਸਨ ਬਾਰਡਰ ‘ਤੇ ਹੰਮਦਪੁਰ ਝੀਲ ਨਜ਼ਦੀਕ ਮੋੜ ‘ਤੇ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਰੇਲਿੰਗ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਕਾਰ ਵਿੱਚ ਅੱਗ ਲੱਗ ਗਈ ਅਤੇ ਕਾਰ ਪਲਟ ਗਈ। ਹਾਦਸੇ ਵਕਤ ਰਿਸ਼ਭ ਪੰਤ ਖੁਦ ਗੱਡੀ ਚਲਾ ਰਹੇ ਸਨ ਅਤੇ ਇਕੱਲੇ ਸਨ। ਸੀਟ ਬੈਲਟ ਨਾ ਲੱਗੇ ਹੋਣ ਦੇ ਚਲਦੇ ਉਹ ਚਲਦੀ ਕਾਰ ‘ਚੋਂ ਬਾਹਰ ਡਿੱਗ ਪਏ।
ਹਾਦਸੇ ਵਿੱਚ ਰਿਸ਼ਭ ਪੰਤ ਗੰਭੀਰ ਜ਼ਖਮੀ ਹੋਏ ਹਨ। ਹਾਦਸੇ ਤੋਂ ਬਾਅਦ ਤੁਰੰਤ DIAL 108 ਦੀ ਮਦਦ ਨਾਲ ਇਲਾਜ ਲਈ ਉਹਨਾਂ ਨੂੰ ਰੂੜਕੀ ਦੇ ਸਿਵਲ ਹਸਪਤਾਲ ਭੇਜਿਆ ਗਿਆ, ਜਿਥੇ ਉਹਨਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਹਨਾਂ ਨੂੰ ਦੇਹਰਾਦੂਨ ਸ਼ਿਫਟ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ, ਰਿਸ਼ਭ ਬਿਨ੍ਹਾਂ ਕਿਸੇ ਨੂੰ ਦੱਸੇ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣ ਲਈ ਰੂੜਕੀ ਜਾ ਰਹੇ ਸਨ, ਪਰ ਰਸਤੇ ਵਿੱਚ ਅੱਖ ਲੱਗਣ ਦੇ ਚਲਦੇ ਉਹਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ। ਪੰਤ ਦੀ ਕਾਰ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਸ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਰਿਹਾ ਹੋਵੇਗਾ।