ਜਲਾਲਾਬਾਦ। ਕੋਰੋਨਾ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚ ਸਿਆਸੀ ਇਕੱਠਾਂ ‘ਤੇ ਪਾਬੰਦੀ ਲਗਾਈ ਗਈ ਹੈ। ਇਸਦੇ ਬਾਵਜੂਦ ਬੁੱਧਵਾਰ ਨੂੰ ਜਲਾਲਾਬਾਦ ਤੋਂ ਜੋ ਤਸਵੀਰਾਂ ਸਾਹਮਣੇ ਆਈਆਂ, ਉਹ ਸਰਕਾਰੀ ਹੁਕਮਾਂ ਨੂੰ ਮੂੰਹ ਚੜ੍ਹਾ ਰਹੀਆਂ ਹਨ। ਮੌਕਾ ਸੀ ਸਾਬਕਾ ਕੈਬਨਿਟ ਮੰਤਰੀ ਹੰਸ ਰਾਜ ਜੋਸਨ ਦੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਦਾ, ਜਿਸ ਮੌਕੇ ਸੁਖਬੀਰ ਬਾਦਲ ਵੱਲੋਂ ਮੰਚ ਤੋਂ ਵੱਡੇ ਸਿਆਸੀ ਇਕੱਠ ਨੂੰ ਸੰਬੋਧਿਤ ਕੀਤਾ ਗਿਆ।
ਤਸਵੀਰਾਂ ਵੇਖ ਕੇ ਕੋਈ ਵੀ ਕਹਿ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਖਾਸਕਰ ਸੁਖਬੀਰ ਬਾਦਲ ਨੂੰ ਨਾ ਤਾਂ ਕੋਰੋਨਾ ਦੀ ਪਰਵਾਹ ਹੈ ਤੇ ਨਾ ਹੀ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੀ। ਕਾਂਗਰਸ ਦੇ ਵੱਡੇ ਆਗੂ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕਰਾਉਣ ਅਤੇ ਸਰਕਾਰ ਦੀ ਅਲੋਚਨਾ ਕਰਨ ਦੇ ਜੋਸ਼ ‘ਚ ਸ਼ਾਇਦ ਖੁਦ ਸੁਖਬੀਰ ਭੁੱਲ ਗਏ ਕਿ ਉਹ ਸ਼ਰੇਆਮ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ।
ਮਾਸਕ ਤੋਂ ਬਿਨ੍ਹਾ ਵਿਖੇ ਵਧੇਰੇਤਰ ਲੋਕ
ਦੱਸ ਦਈਏ ਕਿ ਸੁਖਬੀਰ ਬਾਦਲ ਨੇ ਖੁਦ ਫੇਸਬੁੱਕ ‘ਤੇ ਇਹ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਕਈ ਲੋਕ ਉਹਨਾਂ ਦਾ ਭਾਸ਼ਣ ਸੁਣਨ ਲਈ ਇੱਕ ਪੰਡਾਲ ‘ਚ ਇਕੱਠੇ ਹੋਏ ਨਜ਼ਰ ਆ ਰਹੇ ਹਨ। ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹਨਾਂ ‘ਚੋਂ ਵਧੇਰੇਤਰ ਲੋਕ ਬਿਨ੍ਹਾਂ ਮਾਸਕ ਬੈਠੇ ਨਜ਼ਰ ਆ ਰਹੇ ਹਨ।
ਖੁਦ ਵੀ ਸੰਕ੍ਰਮਿਤ ਹੋ ਚੁੱਕੇ ਹਨ SAD ਪ੍ਰਧਾਨ
ਇਥੇ ਇਹ ਵੀ ਦੱਸਣਯੋਗ ਹੈ ਕਿ ਸੁਖਬੀਰ ਬਾਦਲ ਖੁਦ ਵੀ ਕੋਰੋਨਾ ਦੀ ਚਪੇਟ ‘ਚ ਆ ਚੁੱਕੇ ਹਨ। ਸੁਖਬੀਰ ਵੱਲੋਂ ਸੂਬੇ ‘ਚ 2 ਵੱਡੀਆਂ ਰੈਲੀਆਂ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਉਹ ਸੰਕ੍ਰਮਿਤ ਪਾਏ ਗਏ ਸਨ। ਹਾਲਾਂਕਿ ਠੀਕ ਹੋਣ ਦੇ ਬਾਅਦ ਵੀ ਉਹਨਾਂ ਨੇ ਰੈਲੀਆਂ ਦਾ ਸਿਲਸਿਲਾ ਜਾਰੀ ਰੱਖਿਆ ਤੇ ਜਦੋਂ ਸੂਬਾ ਸਰਕਾਰ ਵੱਲੋਂ ਸਿਆਸੀ ਇਕੱਠਾਂ ‘ਤੇ ਪਾਬੰਦੀ ਲਗਾਈਗਈ, ਉਸ ਤੋਂ ਬਾਅਦ ਹੀ ਰੈਲੀਆਂ ਦਾ ਸਿਲਸਿਲਾ ਬੰਦ ਕੀਤਾ ਗਿਆ।