November 3, 2022
(New Delhi)
ਭਾਰਤੀ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ। ਗੁਜਰਾਤ ‘ਚ 182 ਸੀਟਾਂ ਲਈ 2 ਗੇੜਾਂ ਵਿੱਚ ਵੋਟਿੰਗ ਹੋਵੇਗੀ। ਪਹਿਲੇ ਗੇੜ ਤਹਿਤ 1 ਦਸੰਬਰ ਅਤੇ ਦੂਜੇ ਗੇੜ ਦੇ ਤਹਿਤ 5 ਦਸੰਬਰ ਨੂੰ ਵੋਟਾਂ ਪੈਣਗੀਆਂ। ਨਤੀਜੇ 8 ਦਸੰਬਰ ਯਾਨੀ ਹਿਮਾਚਲ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਆਉਣਗੇ।
ਇੱਕ ਵੋਟਰ ਲਈ ਸਪੈਸ਼ਲ ਪੋਲਿੰਗ ਬੂਥ
CEO ਰਾਜੀਵ ਕੁਮਾਰ ਨੇ ਦੱਸਿਆ ਕਿ ਗਿਰ ਫਾਰੈਸਟ ਦੇ ਬਨੇਜ ਪਿੰਡ ਵਿੱਚ ਰਹਿਣ ਵਾਲੇ ਭਰਤਦਾਸ ਦਰਸ਼ਨਦਾਸ ਲਈ ਵੱਖਰਾ ਪੋਲਿੰਗ ਬੂਥ ਬਣਾਇਆ ਜਾਵੇਗਾ। ਇਸ ਇਕਲੌਤੇ ਵੋਟਰ ਕੋਲ ਵੋਟਿੰਗ ਲਈ 15 ਲੋਕਾਂ ਦੀ ਟੀਮ ਜਾਵੇਗੀ। CEO ਨੇ ਦੱਸਿਆ ਕਿ ਭਰਤਦਾਸ ਆਪਣੇ ਪਿੰਡ ਤੋਂ ਬਾਹਰ ਆ ਕੇ ਵੋਟਿੰਗ ਨਹੀਂ ਕਰਨਾ ਚਾਹੁੰਦੇ, ਇਸ ਲਈ ਉਹਨਾਂ ਕੋਲ ਪੋਲਿੰਗ ਬੂਥ ਅਤੇ ਪੋਲਿੰਗ ਟੀਮ ਭੇਜੀ ਜਾਵੇਗੀ।
AAP ਦੀ ਐਂਟਰੀ ਨਾਲ ਤ੍ਰਿਕੋਣਾ ਹੋਇਆ ਮੁਕਾਬਲਾ
ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਇਸ ਵਾਰ ਕਾਫੀ ਵੱਖਰੀਆਂ ਹਨ। ਇਸਦੀ ਸਭ ਤੋਂ ਵੱਡੀ ਵਜ੍ਹਾ ਹੈ ਆਮ ਆਦਮੀ ਪਾਰਟੀ ਦੀ ਐਂਟਰੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਬੀਜੇਪੀ ਵਿਚਕਾਰ ਸਿੱਧੀ ਟੱਕਰ ਸੀ, ਪਰ ਇਸ ਵਾਰ ‘ਆਪ’ ਵੀ ਇਸ ਲੜਾਈ ਵਿੱਚ ਸ਼ਾਮਲ ਹੈ। ਬੀਜੇਪੀ ਵੱ਼ਲੋਂ ਮੌਜੂਦਾ ਮੁੱਖ ਮੰਤਰੀ ਭੁਪੇਂਦਰ ਪਟੇਲ ਹੀ ਸੀਐੱਮ ਅਹੁਦੇ ਦੇ ਦਾਅਵੇਦਾਰ ਹਨ, ਜਦਕਿ ਕਾਂਗਰਸ ਅਤੇ ‘ਆਪ’ ਨੇ ਅਜੇ ਤੱਕ ਸੀਐੱਮ ਚਿਹਰਿਆਂ ਦਾ ਐਲਾਨ ਨਹੀਂ ਕੀਤਾ ਹੈ। ਓਧਰ ਪਾਟੀਦਾਰ ਅੰਦੋਲਨ ਦੀ ਅੱਗ ਵੀ ਇਸ ਵਾਰ ਸ਼ਾਂਤ ਹੈ, ਕਿਉਂਕਿ ਅੰਦੋਲਨ ਦੇ ਸਭ ਤੋਂ ਵੱਡੇ ਚਿਹਰੇ ਹਾਰਦਿਕ ਪਟੇਲ ਹੁਣ ਬੀਜੇਪੀ ਦਾ ਹਿੱਸਾ ਹਨ।