ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਤੇਜ਼ ਰਫ਼ਤਾਰ ਨਾਲ ਸਾਰੇ ਰਿਕਾਰਡ ਤੋੜਦੀ ਜਾ ਰਹੀ ਹੈ। ਦੇਸ਼ ਦਾ ਹਰ ਨਾਗਰਿਕ ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਹੈ, ਜਦੋਂ ਦੂਜੀ ਲਹਿਰ ਆਪਣਾ ਤਾਂਡਵ ਵਿਖਾਉਣਾ ਬੰਦ ਕਰੇਗੀ। ਪਰ ਇਸ ਵਿਚਾਲੇ ਹੁਣ ਕੇਂਦਰ ਸਰਕਾਰ ਵੱਲੋਂ ਇੱਕ ਬਹੁਤ ਵੱਡੇ ਬਿਆਨ ਨੇ ਲੋਕਾਂ ਦੀ ਨੀਂਦ ਉਡਾਉਣ ਦਾ ਕੰਮ ਕੀਤਾ ਹੈ। ਦਰਅਸਲ, ਸਰਕਾਰ ਦੇ ਪ੍ਰਿੰਸੀਪਲ ਸਾਈਂਟਿਫਿਕ ਐਡਵਾਈਜ਼ਰ ਵਿਜੇ ਰਾਘਵਨ ਨੇ ਇਹ ਦਾਅਵਾ ਕਰ ਦਿੱਤਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਵੀ ਜ਼ਰੂਰ ਆਵੇਗੀ।
ਕੋਰੋਨਾ ਦੇ ਤਾਜ਼ਾ ਹਾਲਾਤ ‘ਤੇ ਪ੍ਰੈੱਸ ਕਾਨਫ਼ਰੰਸ ਦੌਰਾਨ ਵਿਜੇ ਰਾਘਵਨ ਨੇ ਕਿਹਾ, “ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ ਜ਼ਰੂਰ ਆਏਗੀ। ਇਸ ਵੇਲੇ ਕੋਰੋਨਾ ਆਪਣੇ ਪੀਕ ‘ਤੇ ਹੈ। ਹਾਲੇ ਇਹ ਤੈਅ ਨਹੀਂ ਹੈ ਕਿ ਤੀਜੀ ਲਹਿਰ ਕਦੋਂ ਆਵੇਗੀ ਅਤੇ ਕਿੰਨੀ ਖਤਰਨਾਕ ਹੋਵੇਗੀ, ਪਰ ਸਾਨੂੰ ਨਵੀਂ ਲਹਿਰ ਲਈ ਤਿਆਰ ਰਹਿਣਾ ਪਏਗਾ।”
ਠੀਕ ਇੱਕ ਸਾਲ ਬਾਅਦ ਆਈ ਦੂਜੀ ਲਹਿਰ
ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਅੰਕੜਿਆਂ ਦੀ ਗੱਲ ਕਰੀਏ, ਤਾਂ ਦੇਸ਼ ‘ਚ ਠੀਕ ਇੱਕ ਸਾਲ ਬਾਅਦ ਕੋਰੋਨਾ ਦੀ ਦੂਜੀ ਲਹਿਰ ਸਾਹਮਣੇ ਆਈ ਹੈ। ਦੇਸ਼ ‘ਚ ਪਿਛਲੇ ਸਾਲ ਕੋਰੋਨਾ ਦੇ ਕੇਸ ਸਾਹਮਣੇ ਆਉਣੇ ਸ਼ੁਰੂ ਹੋਏ ਸਨ, ਜਿਸ ਤੋਂ ਬਾਅਦ ਕੇਸ ਵਧਦੇ-ਵਧਦੇ ਪੀਕ ‘ਤੇ ਪਹੁੰਚਣ ਲੱਗੇ। ਪਹਿਲੀ ਲਹਿਰ ਦਾ ਪੀਕ 16 ਸਤੰਬਰ ਨੂੰ ਆਇਆ ਸੀ। ਉਸ ਦਿਨ ਇੱਕ ਦਿਨ ਅੰਦਰ 97,860 ਨਵੇਂ ਮਾਮਲੇ ਰਿਪੋਰਟ ਹੋਏ ਹਨ। ਬਾਅਦ ‘ਚ ਮਾਮਲਿਆਂ ‘ਚ ਗਿਰਾਵਟ ਦਰਜ ਹੋਣ ਲੱਗੀ।
ਇਸ ਤੋਂ ਬਾਅਦ ਕੋਰੋਨਾ ਦੀ ਦੂਜੀ ਲਹਿਰ ਮਾਰਚ ਮਹੀਨੇ ਤੋਂ ਸ਼ੁਰੂ ਹੋਈ। ਇੱਕ ਮਾਰਚ ਨੂੰ 1 ਦਿਨ ਅੰਦਰ 12,270 ਮਾਮਲੇ ਰਿਪੋਰਟ ਕੀਤੇ ਗਏ, ਜੋ ਇੱਕ ਅਪ੍ਰੈਲ ਨੂੰ ਸਿੱਧੇ 75 ਹਜ਼ਾਰ ਤੱਕ ਪਹੁੰਚ ਗਏ। 30 ਅਪ੍ਰੈਲ ਨੂੰ ਦੇਸ਼ ‘ਚ ਪਹਿਲੀ ਵਾਰ ਕੋਰੋਨਾ ਕੇਸ 4 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ। ਉਮੀਦ ਜਤਾਈ ਜਾ ਰਹੀ ਹੈ ਕਿ ਇਸੇ ਮਹੀਨੇ ਦੇ ਅੰਤ ਤੋਂ ਕੇਸਾਂ ‘ਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।