ਬਿਓਰੋ। ਪੰਜਾਬ ਕਾਂਗਰਸ ‘ਚ ਮਚੇ ਘਮਸਾਣ ਵਿਚਾਲੇ ਇੱਕ ਅਜਿਹੀ ਖ਼ਬਰ ਆਈ, ਜਿਸਨੇ ਸਿਆਸੀ ਹਲਕਿਆਂ ‘ਚ ਹਲਚਲ ਤੇਜ਼ ਕਰ ਦਿੱਤੀ। ਖ਼ਬਰ ਇਹ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਧੁਰ ਵਿਰੋਧੀ ਕਾਂਗਰਸ ਸਾਂਸਦ ਪ੍ਰਤਾਪ ਬਾਜਵਾ ਨਾਲ ਉਹਨਾਂ ਦੀ ਰਿਹਾਇਸ਼ ‘ਤੇ ਪਹੁੰਚ ਕੇ ਮੁਲਾਕਾਤ ਕੀਤੀ ਹੈ। ਖ਼ਬਰ ਇੱਕ ਅਖਬਾਰ ਨੇ ਛਾਪੀ, ਜੋ ਵੇਖਦੇ ਹੀ ਵੇਖਦੇ ਤਮਾਮ ਨਿਊਜ਼ ਚੈਨਲਾਂ ਦੀਆਂ ਸੁਰਖੀਆਂ ‘ਚ ਛਾਉਣ ਲੱਗੀ। ਲਿਹਾਜ਼ਾ ਖੁਦ ਸਾਂਸਦ ਪ੍ਰਤਾਪ ਬਾਜਵਾ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਇਹਨਾਂ ਖ਼ਬਰਾਂ ਦਾ ਖੰਡਨ ਕਰ ਦਿੱਤਾ।
ਬੇਸ਼ੱਕ ਪ੍ਰਤਾਪ ਬਾਜਵਾ ਮੁਲਾਕਾਤ ਦੀਆਂ ਖ਼ਬਰਾਂ ਦਾ ਖੰਡਨ ਕਰ ਰਹੇ ਹਨ, ਪਰ ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਉਹਨਾਂ ਦੇ ਤੇਵਰ ਕੁਝ ਹੋਰ ਵੀ ਕਹਿ ਰਹੇ ਸਨ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਨਾ ਸਿਰਫ਼ ਬਾਜਵਾ, ਕੈਪਟਨ ਪ੍ਰਤੀ ਨਰਮ ਵਿਖਾਈ ਦਿੱਤੇ, ਬਲਕਿ ਨਵਜੋਤ ਸਿੱਧੂ ਨੂੰ ਅੱਖਾਂ ਵਿਖਾਉਂਦੇ ਵੀ ਨਜ਼ਰ ਆਏ।
ਸਿੱਧੂ ਹਾਲੇ ਇੰਤਜ਼ਾਰ ਕਰਨ- ਬਾਜਵਾ
ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਤਾਪ ਬਾਜਵਾ ਨੇ ਇੰਨਾ ਜ਼ਰੂਰ ਕਿਹਾ ਕਿ ਨਵਜੋਤ ਸਿੱਧੂ ਨੂੰ ਕੋਈ ਅਹਿਮ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ, ਪਰ ਨਾਲ ਹੀ ਗੱਲਾਂ-ਗੱਲਾਂ ‘ਚ ਇਸ ਵੱਲ ਵੀ ਇਸ਼ਾਰਾ ਕਰ ਗਏ ਕਿ ਸਿੱਧੂ ਹਾਲੇ ਕਿਸੇ ਅਹੁਦੇ ਦੇ ਕਾਬਿਲ ਨਹੀਂ। ਉਹਨਾਂ ਪਾਰਟੀ ਲੀਡਰਸ਼ਿਪ ਨੂੰ ਇਹ ਨਸੀਹਤ ਵੀ ਦੇ ਦਿੱਤੀ ਕਿ ਕਿਸੇ ਵੀ ਲੀਡਰ ਨੂੰ ਕੋਈ ਅਹੁਦਾ ਦੇਣ ਤੋਂ ਪਹਿਲਾਂ ਤਿੰਨ ਮਾਪਦੰਡ ਜ਼ਰੂਰ ਵੇਖ ਲਏ ਜਾਣ- Loyalty, Seniority ਅਤੇ Capability…ਯਾਨੀ ਸਾਫ-ਸਾਫ ਸ਼ਬਦਾਂ ‘ਚ ਕਹਿ ਦਿੱਤਾ ਕਿ ਸਿੱਧੂ ਨੂੰ ਹਾਲੇ ਹੋਰ ਇੰਤਜ਼ਾਰ ਕਰਨਾ ਚਾਹੀਦਾ ਹੈ।
ਬਾਜਵਾ ਕਹਿੰਦੇ ਹਨ ਕਿ ਪਾਰਟੀ ‘ਚ ਕਈ ਅਜਿਹੇ ਆਗੂ ਹਨ, ਜੋ 40-45 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹਨ, ਜੋ ਮੁਸ਼ਕਿਲ ਸਮੇਂ ਵੀ ਪਾਰਟੀ ਨਾਲ ਖੜ੍ਹੇ ਰਹੇ, ਤੇ ਉਹਨਾਂ ਦੇ ਪਰਿਵਾਰਾਂ ਨੇ ਕਈ ਕੁਰਬਾਨੀਆਂ ਵੀ ਦਿੱਤੀਆਂ। ਬਾਜਵਾ ਨੇ ਕਿਹਾ ਕਿ ਥੋੜ੍ਹਾ ਹੀ ਸਮਾਂ ਪਹਿਲਾਂ ਪਾਰਟੀ ‘ਚ ਆਏ ਆਗੂ ਤੋਂ ਪਹਿਲਾਂ ਅਜਿਹੇ ਕਿਸੇ ਆਗੂ ਨੂੰ ਵੱਡੇ ਅਹੁਦੇ ਨਾਲ ਨਵਾਜ਼ਿਆ ਜਾਣਾ ਚਾਹੀਦਾ ਹੈ। ਹਾਲਾਂਕਿ ਇੱਕ ਗੱਲ ਇਹ ਵੀ ਕਹਿ ਗਏ ਕਿ ਉਹ ਖੁਦ ਕਿਸੇ ਅਹੁਦੇ ਦੀ ਰੇਸ ‘ਚ ਨਹੀਂ ਹਨ। ਬਾਜਵਾ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਜੋ ਵੀ ਫ਼ੈਸਲਾ ਲਵੇਗਾ, ਉਹ ਉਸਦਾ ਸਨਮਾਨ ਕਰਨਗੇ।
ਜੋ ਅੱਜ ਬਾਜਵਾ ਦੇ ਬੋਲ, ਓਹੀ ਕੈਪਟਨ ਦੇ ਸਨ
ਇਥੇ ਤੁਹਾਨੂੰ ਯਾਦ ਦਵਾ ਦਈਏ ਕਿ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਸੀਐੱਮ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਚੁੱਕੇ ਹਨ ਕਿ ਸਿੱਧੂ ਪਾਰਟੀ ‘ਚ ਕਿਸੇ ਵੱਡੇ ਅਹੁਦੇ ਦੇ ਯੋਗ ਨਹੀਂ। ਕੈਪਟਨ ਨੇ ਕਿਹਾ ਸੀ ਕਿ ਸਿੱਧੂ ਨੂੰ ਪਾਰਟੀ ‘ਚ ਆਇਆਂ ਅਜੇ 4 ਹੀ ਸਾਲ ਹੋਏ ਹਨ, ਜਦਕਿ ਪਾਰਟੀ ‘ਚ ਕਈ ਅਜਿਹੇ ਸੀਨੀਅਰ ਲੀਡਰ ਹਨ, ਜੋ ਯੂਥ ਦੇ ਸਮੇਂ ਤੋਂ ਪਾਰਟੀ ਦੇ ਨਾਲ ਖੜ੍ਹੇ ਹਨ। ਅਜਿਹੇ ‘ਚ ਉਹ ਸਿੱਧੂ ਤੋਂ ਸੀਨੀਅਰ ਹੋ ਜਾਂਦੇ ਹਨ। ਲਿਹਾਜ਼ਾ ਸਿੱਧੂ ਨੂੰ ਉਹਨਾਂ ਦੇ ਉੱਪਰ ਬਿਠਾਉਣਾ ਠੀਕ ਨਹੀਂ।